ਪੰਜਾਬੀ ਮੈਗਜ਼ੀਨ 'ਊੜਾ' ਦਾ ਪਹਿਲਾ ਅੰਕ ਜਾਰੀ
ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਸਾਹਿਤਕ
Publish Date: Mon, 04 May 2026 03:55 PM (IST)
Updated Date: Tue, 05 May 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਸਾਹਿਤਕ ਸਮਾਗਮ ਸਮੇਂ ਨਵੇਂ ਮੈਗਜ਼ੀਨ ਊੜਾ ਦਾ ਪਲੇਠਾ ਅੰਕ ਲੋਕ ਅਰਪਣ ਕੀਤਾ ਗਿਆ। ਇਹ ਮੈਗਜ਼ੀਨ ‘ਊੜਾ’ ਪਬਲੀਕੇਸ਼ਨ ਦੀ ਟੀਮ ਵੱਲੋਂ ਕੱਢਿਆ ਗਿਆ ਹੈ। ਮੈਗਜ਼ੀਨ ਨੂੰ ਲੋਕ ਅਰਪਣ ਕਰਨ ਦੀ ਰਸਮ ਨਾਮਵਰ ਵਿਅੰਗਕਾਰ, ਕਹਾਣੀਕਾਰ ਤੇ ਨਾਵਲਕਾਰ ਕੇਐੱਲ ਗਰਗ, ਪ੍ਰਸਿੱਧ ਸ਼ਾਇਰ ਹਰਮੀਤ ਵਿਦਿਆਰਥੀ, ਮੈਗਜੀਨ ਦੇ ਮੁੱਖ ਸਲਾਹਕਾਰ ਜਤਿੰਦਰ ਸਿੰਘ ਹਾਂਸ, ਕਹਾਣੀਕਾਰ ਜਸਵੀਰ ਸਿੰਘ ਰਾਣਾ, ਕਹਾਣੀਕਾਰ ਗੁਰਮੀਤ ਕੜਿਆਲਵੀ, ਡਾ ਸੁਰਜੀਤ ਬਰਾੜ, ਜ਼ਿਲ੍ਹਾ ਭਾਸ਼ਾ ਅਫਸਰ ਫਰੀਦਕੋਟ ਮਨਜੀਤ ਪੁਰੀ, ਸ਼ਾਇਰ ਗੁਰਪ੍ਰੀਤ ਮਾਨਸਾ, ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਧਾਮੀ ਗਿੱਲ, ਪਬਲੀਕੇਸ਼ਨਜ਼ ਦੇ ਪ੍ਰਤੀਨਿਧ ਅਵਤਾਰ ਮੰਗਾ ਅਤੇ ਹਾਜ਼ਰ ਸਾਹਿਤਕਾਰਾਂ ਵੱਲੋਂ ਕੀਤੀ ਗਈ। ਮੰਚ ਦੇ ਸੀਨੀਅਰ ਮੀਤ ਪ੍ਰਧਾਨ ਧਾਮੀ ਗਿੱਲ ਨੇ ਮੈਗਜ਼ੀਨ ਕੱਢੇ ਜਾਣ ਦੇ ਮੰਤਵਾਂ ਅਤੇ ਵਿਚਾਰਧਾਰਾ ਬਾਰੇ ਬੋਲਦਿਆਂ ਕਿਹਾ ਕਿ ਕਨੇਡਾ ਰਹਿੰਦੇ ਗ਼ਜ਼ਲਗੋ ਮੁਰੀਦ ਸੰਧੂ ਅਤੇ ਅਮਰੀਕਾ ਵਾਸੀ ਕਹਾਣੀਕਾਰਾ ਪਵਿੱਤਰ ਕੌਰ ਮਾਟੀ ਦਾ ਇਹ ਸੁਪਨਾ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਆਪਣਾ ਯੋਗਦਾਨ ਪਾਉਣ ਵਿਚ ਸਹਾਈ ਹੋਵੇਗਾ। ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਪੰਜਾਬੀ ਵਿਚ ਪਹਿਲਾਂ ਹੀ ਨਿਕਲ ਰਹੇ ਹੁਣ ਰਾਗ ਸ਼ਬਦ ਤਾਸਮਾਨ ਚਿਰਾਗ ਏਕਮ ਸਿਰਜਣਾ ਮੰਤਵ ਸੁਰਿਤ ਵਰਗੇ ਵਧੀਆ ਮੈਗ਼ਜ਼ੀਨਾਂ ਵਾਂਗ ਊੜਾ ਮੈਗਜੀਨ ਆਪਣੀ ਵੱਖਰੀ ਪਹਿਚਾਣ ਬਣਾਵੇਗਾ। ਪ੍ਰਸਿੱਧ ਸ਼ਾਇਰ ਹਰਮੀਤ ਵਿਦਿਆਰਥੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਊੜਾ ਪਬਲੀਕੇਸ਼ਨ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਊੜਾ ਮੈਗਜ਼ੀਨ ਪੰਜਾਬੀ ਵਿਚ ਕੁਝ ਵੱਖਰਾ ਕਰਨ ਦਾ ਯਤਨ ਕਰੇਗਾ। ਕਹਾਣੀਕਾਰ ਜਤਿੰਦਰ ਹਾਂਸ ਨੇ ਊੜਾ ਮੈਗਜ਼ੀਨ ਦੀ ਟੀਮ ਵੱਲੋਂ ਇਹ ਵਿਸ਼ਵਾਸ ਦਿਵਾਇਆ ਕਿ ਮੈਗਜ਼ੀਨ ਕਿਸੇ ਧੜੇਬੰਦੀ ਨੂੰ ਅੱਗੇ ਰੱਖ ਕੇ ਨਹੀਂ ਚੱਲੇਗਾ ਬਲਕਿ ਚੰਗੇਰੇ ਸਾਹਿਤ ਨੂੰ ਉਭਾਰਨ ਨੂੰ ਪ੍ਰਮੁਖਤਾ ਦੇਵੇਗਾ। ਕੇਐੱਲ ਗਰਗ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਹੜਬੜੀ ਵਾਲੇ ਦੌਰ ਵਿਚ ਸ਼ਬਦ ਨੂੰ ਪ੍ਰਮੁੱਖਤਾ ਦੇਣ ਵਾਲੇ ਕਿਸੇ ਮੈਗਜ਼ੀਨ ਦਾ ਨਿਕਲਣਾ ਸ਼ੁਭ ਸ਼ਗਨ ਹੈ। ਉਹਨਾਂ ਨੇ ਆਸ ਜ਼ਾਹਰ ਕੀਤੀ ਊੜਾ ਦੀ ਟੀਮ ਸਾਹਿਤ ਅਤੇ ਸੱਭਿਆਚਾਰ ਪ੍ਰਤੀ ਪੂਰੀ ਤਰ੍ਹਾਂ ਸਮਰਪਣ ਦੀ ਭਾਵਨਾ ਨਾਲ਼ ਕੰਮ ਕਰੇਗੀ। ਪ੍ਰਸਿੱਧ ਕਹਾਣੀਕਾਰ ਜਸਵੀਰ ਸਿੰਘ ਰਾਣਾ ਨੇ ਕਿਹਾ ਕਿ ਅਜੋਕੇ ਦੌਰ ਵਿਚ ਮੈਗਜ਼ੀਨ ਕੱਢਣਾ ਬੜਾ ਔਖਾ ਤੇ ਬਿਖਮ ਕਾਰਜ ਹੈ ਪਰ ਜਤਿੰਦਰ ਹਾਂਸ, ਪਵਿੱਤਰ ਕੌਰ ਮਾਟੀ, ਮੁਰੀਦ ਸੰਧੂ ਤੇ ਬਾਕੀ ਟੀਮ ਤੋਂ ਆਸ ਹੈ ਕਿ ਉਹ ਲਗਨ ਤੇ ਮਿਹਨਤ ਨਾਲ਼ ਮੈਗਜ਼ੀਨ ਨੂੰ ਉੱਚ ਮਿਆਰੀ ਬਣਾਉਣ ਵਿਚ ਸਫ਼ਲ ਹੋਣਗੇ। ਨਵਨੀਤ ਸਿੰਘ ਸੇਖਾ ਨੇ ਕਿਹਾ ਕਿ ਪਹਿਲੇ ਅੰਕ ਵਿਚ ਛਪੀਆਂ ਰਚਨਾਵਾਂ ਨੇ ਸੰਕੇਤ ਦੇ ਦਿੱਤਾ ਹੈ ਕਿ ਮੈਗਜ਼ੀਨ ਮਿਆਰੀ ਹੋਵੇਗਾ। ਸ਼ਾਇਰ ਗੁਰਪ੍ਰੀਤ, ਮਨਜੀਤ ਪੁਰੀ ਨਵਨੀਤ ਸਿੰਘ ਸੇਖਾ, ਗੁਰਪ੍ਰੀਤ ਧਰਮਕੋਟ, ਅਮਰਪ੍ਰੀਤ ਕੌਰ ਸੰਘਾ ਤੇ ਡਾ ਸੁਰਜੀਤ ਬਰਾੜ ਨੇ ਵੀ ਮੈਗਜ਼ੀਨ ਊੜਾ ਜਾਰੀ ਹੋਣ ਤੇ ਖੁਸ਼ੀ ਜ਼ਾਹਿਰ ਕੀਤੀ। ਪ੍ਰਸਿੱਧ ਫੋਟੋਗਰਾਫ਼ਰ ਪ੍ਰਤਾਪ ਹੀਰਾ, ਸਫ਼ਰਨਾਮਾ ਲੇਖਕ ਹਰਚਰਨ ਚੋਹਲਾ, ਵਿਵੇਕ ਕੋਟ ਈਸੇ ਖਾਂ, ਚਰਨਜੀਤ ਸਮਾਲਸਰ, ਜਸਵਿੰਦਰ ਸੋਨੀ, ਸਿਮਰਜੀਤ ਸਿੰਮੀ, ਸਰਬਜੀਤ ਕੌਰ ਮਾਹਲਾ, ਕਰਮਜੀਤ ਕੌਰ, ਕਹਾਣੀਕਾਰ ਜਸਵੀਰ ਕਲਸੀ, ਕਹਾਣੀਕਾਰ ਜਸਵਿੰਦਰ ਧਰਮਕੋਟ, ਕਹਾਣੀਕਾਰ ਰਾਜਵਿੰਦਰ ਰਾਜਾ, ਸਮੇਤ ਬਹੁਤ ਸਾਰੇ ਸਾਹਿਤਕਾਰ ਇਸ ਮੌਕੇ ਹਾਜ਼ਰ ਸਨ।