ਬਦਲ ਗਈ ਜਲਾਲਾਬਾਦ ਰੋਡ ਦੀ ਨੁਹਾਰ ਸੰਘਰਸ਼ ਲਿਆਇਆ ਰੰਗ
ਬਦਲ ਗਈ ਜਲਾਲਾਬਾਦ ਰੋਡ ਦੀ ਨੁਹਾਰ ਸੰਘਰਸ਼ ਲਿਆਇਆ ਰੰਗ
Publish Date: Sun, 26 Apr 2026 04:22 PM (IST)
Updated Date: Mon, 27 Apr 2026 04:04 AM (IST)

ਹੁਣ ਟਿੱਬੀ ਸਾਹਿਬ ਰੋਡ ਦੀ ਵਾਰੀ, ਜਲਦ ਸ਼ੁਰੂ ਹੋਵੇਗਾ ਕੰਮ ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਲੰਬੇ ਸੰਘਰਸ਼ ਤੋਂ ਬਾਅਦ ਆਖ਼ਿਰਕਾਰ ਜਲਾਲਾਬਾਦ ਰੋਡ ਦੀ ਨੁਹਾਰ ਬਦਲ ਗਈ ਹੈ ਤੇ ਲੋਕਾਂ ਦਾ ਸੰਘਰਸ਼ ਰੰਗ ਲਿਆਇਆ ਹੈ। ਜਲਾਲਾਬਾਦ ਰੋਡ ਦਾ ਨਿਰਮਾਣ ਕਾਰਜ ਮੁਕੰਮਲ ਹੁੰਦੇ ਹੀ ਹੁਣ ਟਿੱਬੀ ਸਾਹਿਬ ਰੋਡ ਦੇ ਲੋਕਾਂ ਨੂੰ ਵੀ ਜਲਦ ਸੜਕ ਬਣਨ ਦੀ ਉਮੀਦ ਜਾਗੀ ਹੈ। ਸਬੰਧਿਤ ਵਿਭਾਗ ਵੱਲੋਂ ਵੀ ਜਲਦ ਹੀ ਟਿੱਬੀ ਸਾਹਿਬ ਰੋਡ ਦਾ ਨਿਰਮਾਣ ਸ਼ੁਰੂ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦੇਖੀ ਜਾ ਰਹੀ ਹੈ ਕਿ ‘ਦੇਰ ਆਏ ਦਰੁਸਤ ਆਏ’, ਵਿਕਾਸ ਕਾਰਜ ਤਾਂ ਸ਼ੁਰੂ ਹੋਏ। ਜ਼ਿਕਰਯੋਗ ਹੈ ਕਿ ਜਲਾਲਾਬਾਦ ਰੋਡ ਦੀ ਹਾਲਤ ਸਾਲਾਂ ਤੋਂ ਬਹੁਤ ਹੀ ਤਰਸਯੋਗ ਬਣੀ ਹੋਈ ਸੀ। ਸੜਕ ’ਤੇ ਡੂੰਘੇ ਟੋਏ ਪੈ ਚੁੱਕੇ ਸਨ ਤੇ ਅਕਸਰ ਸੜਕੀ ਹਾਦਸੇ ਹੁੰਦੇ ਰਹਿੰਦੇ ਸਨ। ਲੋਕਾਂ ਵੱਲੋਂ ਇਹ ਮੁੱਦਾ ਕਈ ਵਾਰ ਉਠਾਇਆ ਗਿਆ ਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਜਿਸ ਤੋਂ ਬਾਅਦ ਹੁਣ ਜਾ ਕੇ ਸੜਕ ਦੀ ਸੁਣਵਾਈ ਹੋਈ ਹੈ। ਦੱਸ ਦਈਏ ਕਿ ਪਹਿਲਾਂ ਸੜਕ ਦੇ ਆਲੇ-ਦੁਆਲੇ ਜਮ੍ਹਾਂ ਮਿੱਟੀ ਚੁੱਕੇ ਬਿਨਾਂ ਹੀ ਨਿਰਮਾਣ ਕੀਤਾ ਜਾ ਰਿਹਾ ਸੀ। ਲੋਕਾਂ ਦੇ ਵਿਰੋਧ ਤੋਂ ਬਾਅਦ ਨਗਰ ਕੌਂਸਲ ਦੇ ਜੇਈ ਨਿਰਭੈ ਸਿੰਘ ਬਰਾੜ ਟੀਮ ਸਮੇਤ ਸ਼ਨੀਵਾਰ ਨੂੰ ਮੌਕੇ ’ਤੇ ਪਹੁੰਚੇ ਤੇ ਆਪਣੀ ਨਿਗਰਾਨੀ ਹੇਠ ਮਿੱਟੀ ਚੁਕਵਾ ਕੇ ਸੜਕ ਦਾ ਕੰਮ ਮੁਕੰਮਲ ਕਰਵਾਇਆ। ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਜੇਈ ਨਿਰਭੈ ਸਿੰਘ ਬਰਾੜ ਨੇ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ’ਚ ਸ਼ਹਿਰ ਅੰਦਰ ਵਿਕਾਸ ਕਾਰਜ ਜ਼ੋਰਾਂ ਤੇ ਚੱਲ ਰਹੇ ਹਨ। ਪਹਿਲਾਂ ਬੂੜਾ ਗੁੱਜਰ ਰੋਡ ਬਣੀ ਸੀ ਤੇ ਹੁਣ ਜਲਾਲਾਬਾਦ ਰੋਡ ਦਾ ਕੰਮ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਈਡਾਂ ਤੋਂ ਮਿੱਟੀ ਵੀ ਚੁਕਵਾਈ ਜਾਵੇਗੀ ਤਾਂ ਜੋ ਦੁਬਾਰਾ ਸੜਕ ’ਤੇ ਮਿੱਟੀ ਨਾ ਆ ਸਕੇ। ਇਸ ਤੋਂ ਬਾਅਦ ਕੁਝ ਹੀ ਦਿਨਾਂ ’ਚ ਟਿੱਬੀ ਸਾਹਿਬ ਰੋਡ ਨੂੰ ਵੀ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਜੇਈ ਬਰਾੜ ਨੇ ਦੱਸਿਆ ਕਿ ਜਲਾਲਾਬਾਦ ਰੋਡ ਤੇ ਪ੍ਰੀਮਿਕਸ ਪਾਉਣ ਦਾ ਅੰਦਾਜ਼ਨ ਖ਼ਰਚਾ 14.67 ਲੱਖ ਰੁਪਏ ਸੀ। ਇਹ ਕਾਰਜ ਨਗਰ ਕੌਂਸਲ ਦੇ ਪ੍ਰਬੰਧਕ ਐਸਡੀਐਮ ਗੁਰਕਿਰਨ ਦੀਪ ਸਿੰਘ, ਕਾਰਜਸਾਧਕ ਅਫ਼ਸਰ ਵਰੁਣ ਸਹੋਤਾ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਗਿਆ ਹੈ।