ਅੱਤ ਦੀ ਗਰਮੀ ਨੇ ਲੋਕਾਂ ਦੇ ਸਾਹ ਸੂਤੇ, ਅੱਗ ਉਗਲਣ ਲੱਗਾ ਅਸਮਾਨ
ਮੋਗਾ ਅਤੇ ਆਸ-ਪਾਸ ਦੇ
Publish Date: Thu, 28 May 2026 04:06 PM (IST)
Updated Date: Fri, 29 May 2026 04:02 AM (IST)

ਤਾਪਮਾਨ 43 ਡਿਗਰੀ ਦੇ ਨੇੜੇ, ਦੁਪਹਿਰ ਵੇਲੇ ਘਰੋਂ ਨਿਕਲਣਾ ਹੋਇਆ ਮੁਸ਼ਕਲ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤੀ ਹੈ। ਮਈ ਮਹੀਨੇ ਦੇ ਆਖ਼ਰੀ ਦਿਨਾਂ ਵਿਚ ਸੂਰਜ ਇਸ ਕਦਰ ਅੱਗ ਵਰਸਾ ਰਿਹਾ ਹੈ ਕਿ ਸਵੇਰੇ 8 ਵਜੇ ਤੋਂ ਹੀ ਤਪਸ਼ ਆਪਣਾ ਰੌਦਰ ਰੂਪ ਵਿਖਾਉਣਾ ਸ਼ੁਰੂ ਕਰ ਦਿੰਦੀ ਹੈ। ਪਿਛਲੇ ਕਈ ਦਿਨਾਂ ਤੋਂ ਤਾਪਮਾਨ ਲਗਾਤਾਰ 40 ਤੋਂ 43 ਡਿਗਰੀ ਸੈਲਸੀਅਸ ਦੇ ਦਰਮਿਆਨ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਦੁਪਹਿਰ ਦੇ ਸਮੇਂ ਤਾਂ ਸੜਕਾਂ ਸੁੰਨੀਆਂ ਅਤੇ ਬਾਜ਼ਾਰ ਸੁੰਨਸਾਨ ਨਜ਼ਰ ਆਉਂਦੇ ਹਨ, ਜਿਵੇਂ ਇਲਾਕੇ ਵਿਚ ਕਰਫਿਊ ਲੱਗਾ ਹੋਵੇ। ਤਿੱਖੀ ਧੁੱਪ ਅਤੇ ਗਰਮ ਹਵਾਵਾਂ ਨੇ ਲੋਕਾਂ ਦਾ ਜੀਣਾ ਔਖਾ ਕਰ ਦਿੱਤਾ ਹੈ। ਗਰਮੀ ਦਾ ਸਭ ਤੋਂ ਵੱਧ ਅਸਰ ਦਿਹਾੜੀਦਾਰ ਮਜ਼ਦੂਰਾਂ, ਰੇਹੜੀ ਚਾਲਕਾਂ, ਉਸਾਰੀ ਕਾਰਜਾਂ ਨਾਲ ਜੁੜੇ ਕਰਮਚਾਰੀਆਂ ਅਤੇ ਤਾਜ਼ੀ ਕਮਾ ਕੇ ਗੁਜ਼ਾਰਾ ਕਰਨ ਵਾਲੇ ਲੋਕਾਂ ’ਤੇ ਪੈ ਰਿਹਾ ਹੈ। ਦੁਪਹਿਰ ਵੇਲੇ ਗਰਮ ਹਵਾਵਾਂ ਇੰਨੀਆਂ ਤੇਜ਼ ਹੋ ਜਾਂਦੀਆਂ ਹਨ ਕਿ ਕੁੱਝ ਮਿੰਟ ਬਾਹਰ ਖੜ੍ਹਾ ਰਹਿਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕਈ ਲੋਕ ਲੂ ਲੱਗਣ, ਚੱਕਰ ਆਉਣ, ਡੀ-ਹਾਈਡਰੇਸ਼ਨ ਅਤੇ ਬੁਖ਼ਾਰ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਵੀ ਗਰਮੀ ਨਾਲ ਸੰਬੰਧਤ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਸਮਾਜ ਸੇਵੀ ਬਲਕਰਨ ਸਿੰਘ ਢਿੱਲੋਂ ਨੇ ਕਿਹਾ ਕਿ ਅੱਤ ਦੀ ਗਰਮੀ ਕਾਰਨ ਗਰੀਬ ਅਤੇ ਮਜ਼ਦੂਰ ਵਰਗ ਦੀਆਂ ਮੁਸ਼ਕਿਲਾਂ ਕਈ ਗੁਣਾਂ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਦਿਹਾੜੀ ਕਰਕੇ ਪਰਿਵਾਰ ਪਾਲਣ ਵਾਲੇ ਲੋਕ ਚਾਹੁੰਦੇ ਹੋਏ ਵੀ ਲੰਮਾ ਸਮਾਂ ਕੰਮ ਨਹੀਂ ਕਰ ਸਕਦੇ। ਕਈ ਮਜ਼ਦੂਰ ਗਰਮੀ ਅਤੇ ਲੂ ਕਾਰਨ ਬਿਮਾਰ ਹੋ ਰਹੇ ਹਨ, ਜਿਸ ਨਾਲ ਉਹਨਾਂ ਦੀ ਕਮਾਈ ਦਾ ਵੱਡਾ ਹਿੱਸਾ ਇਲਾਜ ’ਤੇ ਹੀ ਖਰਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੁਦਰਤੀ ਆਫ਼ਤਾਂ ਨੂੰ ਰੋਕਣਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਪਰ ਗਰਮੀ ਦੇ ਮੌਸਮ ਦੌਰਾਨ ਮਜ਼ਦੂਰ ਵਰਗ ਲਈ ਵਿਸ਼ੇਸ਼ ਸਿਹਤ ਸਹੂਲਤਾਂ, ਠੰਢੇ ਪਾਣੀ ਦੇ ਪ੍ਰਬੰਧ ਅਤੇ ਆਰਥਿਕ ਸਹਾਇਤਾ ਜਰੂਰ ਦਿੱਤੀ ਜਾਣੀ ਚਾਹੀਦੀ ਹੈ। ਗਰਮੀ ਤੋਂ ਰਾਹਤ ਲੈਣ ਲਈ ਲੋਕ ਠੰਢੀਆਂ ਚੀਜ਼ਾਂ ਵੱਲ ਰੁਝਾਨ ਕਰ ਰਹੇ ਹਨ। ਸ਼ਹਿਰ ਵਿਚ ਜੂਸ, ਸ਼ਿਕੰਜਵੀ, ਗੰਨੇ ਦੇ ਰਸ, ਲੱਸੀ ਅਤੇ ਆਈਸਕ੍ਰੀਮ ਵਾਲੀਆਂ ਰੇਹੜੀਆਂ ’ਤੇ ਲੋਕਾਂ ਦੀ ਭੀੜ ਆਮ ਦੇਖੀ ਜਾ ਰਹੀ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਤਪਦੀ ਗਰਮੀ ਤੋਂ ਕੁਝ ਪਲਾਂ ਦੀ ਰਾਹਤ ਲੈਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬਿਜਲੀ ਦੀ ਵੱਧ ਰਹੀ ਖਪਤ ਕਾਰਨ ਕਈ ਥਾਵਾਂ ’ਤੇ ਲੰਬੇ ਬਿਜਲੀ ਕੱਟ ਵੀ ਲੋਕਾਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ। ਬਿਜਲੀ ਨਾ ਹੋਣ ਕਾਰਨ ਲੋਕ ਘਰਾਂ ਵਿਚ ਵੀ ਗਰਮੀ ਤੋਂ ਪਰੇਸ਼ਾਨ ਹੋ ਰਹੇ ਹਨ। ਬਾਜ਼ਾਰਾਂ ਵਿਚ ਵੀ ਗਰਮੀ ਦਾ ਅਸਰ ਸਾਫ਼ ਤੌਰ ’ਤੇ ਵੇਖਣ ਨੂੰ ਮਿਲ ਰਿਹਾ ਹੈ। ਦੁਪਹਿਰ ਸਮੇਂ ਦੁਕਾਨਾਂ ’ਤੇ ਗਾਹਕਾਂ ਦੀ ਗਿਣਤੀ ਨਾ ਮਾਤਰ ਰਹਿ ਜਾਂਦੀ ਹੈ ਅਤੇ ਬਾਜ਼ਾਰ ਸੁੰਨਸਾਨ ਨਜ਼ਰ ਆਉਂਦੇ ਹਨ। ਇਸ ਸਬੰਧੀ ਦੁਕਾਨਦਾਰ ਵਿਜੇ ਕੁਮਾਰ, ਸੋਨੂ ਅਤੇ ਬਲਦੇਵ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਕਾਰੋਬਾਰ ਮੰਦੇ ਦੌਰ ਵਿਚ ਚੱਲ ਰਹੇ ਸਨ, ਉੱਪਰੋਂ ਹੁਣ ਅੱਤ ਦੀ ਗਰਮੀ ਨੇ ਵਪਾਰ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕ ਜ਼ਰੂਰੀ ਕੰਮ ਤੋਂ ਬਿਨ੍ਹਾਂ ਘਰੋਂ ਬਾਹਰ ਨਹੀਂ ਨਿਕਲ ਰਹੇ, ਜਿਸ ਕਾਰਨ ਦੁਕਾਨਦਾਰ ਸਾਰਾ ਦਿਨ ਵੇਹਲੇ ਬੈਠੇ ਰਹਿੰਦੇ ਹਨ। ਸ਼ਾਮ ਨੂੰ ਦੁਕਾਨਦਾਰਾਂ ਨੂੰ ਇਹ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਜੇ ਇਹੀ ਹਾਲਾਤ ਰਹੇ ਤਾਂ ਉਹ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਕਿਵੇਂ ਦੇਣਗੇ ਅਤੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਡਾਕਟਰਾਂ ਵੱਲੋਂ ਵੀ ਲੋਕਾਂ ਨੂੰ ਦੁਪਹਿਰ ਵੇਲੇ ਘਰੋਂ ਬਾਹਰ ਨਾ ਨਿਕਲਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਸਿਰ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਕੁੱਝ ਦਿਨਾਂ ਵਿਚ ਮੌਸਮ ਵਿਚ ਬਦਲਾਅ ਨਾ ਆਇਆ ਤਾਂ ਗਰਮੀ ਦਾ ਕਹਿਰ ਹੋਰ ਵੱਧ ਸਕਦਾ ਹੈ। ਫ਼ਿਲਹਾਲ ਲੋਕ ਮੀਂਹ ਦੀ ਉਡੀਕ ਕਰ ਰਹੇ ਹਨ ਤਾਂ ਜੋ ਇਸ ਤਪਦੀ ਗਰਮੀ ਤੋਂ ਕੁੱਝ ਰਾਹਤ ਮਿਲ ਸਕੇ।