ਸਰਕਾਰੀ ਸਕੂਲ ਦੇ ਬੱਚਿਆਂ ਨੇ ਵਿੱਦਿਅਕ ਦੌਰਾ ਕੀਤਾ
ਮੋਰਾਂਵਾਲੀ ਦੇ ਸਰਕਾਰੀ ਸਕੂਲ ਵੱਲੋਂ ਕੀਤਾ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਦਾ ਪ੍ਰਬੰਧ ਪੂਰਾ ਸਫ਼ਲ ਰਿਹਾ
Publish Date: Sun, 01 Mar 2026 03:53 PM (IST)
Updated Date: Mon, 02 Mar 2026 03:59 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੋਰਾਂਵਾਲੀ ਵੱਲੋਂ ਆਪਣੇ ਪੱਧਰ ਉੱਪਰ ਇੱਕ ਰੋਜ਼ਾ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਸਿੱਖਿਆ ਵਿਭਾਗ ਦੇ ਗਿਆਨ ਵਰਧਕ ਉਦੇਸ਼ਾਂ ਨੂੰ ਪੂਰਦਿਆਂ ਪ੍ਰਿੰਸੀ. ਵਰਿੰਦਰ ਸਲਹੋਤਰਾ ਅਤੇ ਸੀਨੀਅਰ ਸੈਕੰਡਰੀ ਵਿੰਗ ਦੇ ਇੰਚਾਰਜ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀ ਪੁਰਜ਼ੋਰ ਮੰਗ ਤੇ ਦਿਲਚਸਪੀ ਉੱਪਰ ਵਿਚਾਰ ਵਟਾਂਦਰਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਕੁੱਝ ਇਤਿਹਾਸਕ ਸਥਾਨ ਅਤੇ ਹੁਸੈਨੀਵਾਲਾ ਬਾਰਡਰ ਦੀ ਪਰੇਡ ਵਿਖਾਉਣ ਦਾ ਫ਼ੈਸਲਾ ਕੀਤਾ ਗਿਆ। ਡਾ. ਦੇਵਿੰਦਰ ਸੈਫ਼ੀ ( ਲੈਕ. ਪੰਜਾਬੀ) ਮੈਡਮ ਪਰਦੀਪ ਕੌਰ ( ਲੈਕ. ਫਿਜ਼ੀਕਲ ਐਜੂਕੇਸ਼ਨ) ਸੁਰਿੰਦਰ ਕੌਰ ( ਲੈਕ. ਅੰਗਰੇਜ਼ੀ ) ਦੁਆਰਾ ਇਸ ਸਮੁੱਚੇ ਟੂਰ ਦੀ ਅਗਵਾਈ ਕੀਤੀ ਗਈ। ਸਰਪੰਚ ਬੇਅੰਤ ਕੌਰ ਗਿੱਲ ਦੁਆਰਾ ਇਸ ਟੂਰ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਵੇਲੇ ਬਲਾਕ ਸੰਮਤੀ ਮੈਂਬਰ ਜਸਵੰਤ ਸਿੰਘ ਵੀ ਹਾਜ਼ਰ ਸੀ । ਇਸ ਇੱਕ ਰੋਜ਼ਾ ਟੂਰ ਪ੍ਰੋਗਰਾਮ ਵਿੱਚ ਇਤਿਹਾਸਕ ਸਥਾਨ ਫਿਰੋਜ਼ਸ਼ਾਹ, ਇਤਿਹਾਸਿਕ ਗੁਰਦੁਆਰਾ ਬਜ਼ੀਦਪੁਰ ਸਾਹਿਬ, ਸਾਰਾਗੜੀ ਮਿਊਜ਼ੀਅਮ, ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਜਗਦੀ ਹੋਈ ਜੋਤ ਦੇ ਦਰਸ਼ਨ ਕਰਾਉਣ ਤੋਂ ਬਾਅਦ ਹੁਸੈਨੀਵਾਲਾ ਬਾਰਡਰ ਦੀ ਫ਼ੌਜੀ ਪਰੇਡ ਦਿਖਾਈ ਗਈ। ਪਰੇਡ ਉਪਰੰਤ ਉੱਥੇ ਬਣਿਆ ਮਿਊਜ਼ੀਅਮ ਵੀ ਦਿਖਾਇਆ ਗਿਆ । ਇਸ ਟੂਰ ਪ੍ਰੋਗਰਾਮ ਬਾਰੇ ਆਪਣੇ ਆਪਣੇ ਅਨੁਭਵ ਸਾਂਝੇ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਟੂਰ ਉਹਨਾਂ ਦੀ ਪੂਰੀ ਜ਼ਿੰਦਗੀ ਲਈ ਇੱਕ ਅਣਮੋਲ ਯਾਦ ਬਣ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਇੱਕੋ ਹੀ ਦਿਨ ਵਿੱਚ ਬਹੁਤ ਪੱਖਾਂ ਤੋਂ ਜਾਣਕਾਰੀਆਂ ਜਿਹੜੀਆਂ ਅਗਵਾਈ ਕਰਦੇ ਅਧਿਆਪਕਾਂ ਦੁਆਰਾ ਦਿੱਤੀਆਂ ਗਈਆਂ ਉਹਨਾਂ ਨੇ ਸਾਡੇ ਲਈ ਗਿਆਨ ਅਤੇ ਭਾਵਨਾ ਦੇ ਨਵੇਂ ਦੁਆਰ ਖੋਲ੍ਹ ਦਿੱਤੇ। ਇਸ ਸਫ਼ਲ ਟੂਰ ਆਯੋਜਨ ਲਈ ਸਕੂਲ ਪ੍ਰਬੰਧਕੀ ਕਮੇਟੀ ਅਤੇ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ।