ਮੋਗਾ ’ਚ ਗੂੰਜਿਆ ਮਜ਼ਦੂਰ ਏਕਤਾ ਦਾ ਨਾਅਰਾ
ਅੰਤਰਰਾਸ਼ਟਰੀ ਮਜ਼ਦੂਰਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ
Publish Date: Fri, 01 May 2026 05:50 PM (IST)
Updated Date: Sat, 02 May 2026 04:08 AM (IST)

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਸ਼ਹਿਰ ਦੇ ਮੁੱਖ ਬਾਜ਼ਾਰ ’ਚ ਕੱਢਿਆ ਮਾਰਚ ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ‘ਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਚ ਇਕ ਵਿਸ਼ਾਲ ਅਤੇ ਜੋਸ਼ੀਲਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਜ਼ਦੂਰ ਵਰਗ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹੋਏ ਆਪਣੇ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਸਮਾਗਮ ਦੀ ਕਾਰਵਾਈ ਕੁਲਬੀਰ ਸਿੰਘ ਢਿੱਲੋਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੇਮ ਕੁਮਾਰ ਅਤੇ ਪਿਆਰਾ ਸਿੰਘ ਚਾਹਲ ਵੱਲੋਂ ਪੇਸ਼ ਕੀਤੇ ਗਏ ਇਨਕਲਾਬੀ ਗੀਤਾਂ ਨਾਲ ਹੋਈ, ਜਿਨ੍ਹਾਂ ਨੇ ਮਾਹੌਲ ਨੂੰ ਜੋਸ਼ ਅਤੇ ਜਜ਼ਬੇ ਨਾਲ ਭਰ ਦਿੱਤਾ। ਇਨ੍ਹਾਂ ਗੀਤਾਂ ਨੇ ਮੌਜੂਦ ਲੋਕਾਂ ਵਿਚ ਮਜ਼ਦੂਰ ਹੱਕਾਂ ਲਈ ਲੜਨ ਦਾ ਹੁੰਸਲਾ ਹੋਰ ਵਧਾਇਆ। ਇਸ ਮੌਕੇ ਗੁਰਮੇਲ ਸਿੰਘ ਨਾਹਰ, ਦਰਸ਼ਨ ਲਾਲ ਸ਼ਰਮਾ, ਰਾਜ ਕੁਮਾਰ ਕਾਲੜਾ, ਜਗਦੀਸ਼ ਸਿੰਘ ਚਾਹਲ, ਰਾਜਿੰਦਰ ਰਿਆੜ, ਗੁਰਜੰਟ ਸਿੰਘ ਕੋਕਰੀ, ਸੁਖਮੰਦਰ ਸਿੰਘ ਬਾਘਾਪੁਰਾਣਾ, ਬਲੌਰ ਸਿੰਘ ਘਾਲੀ, ਬੂਟਾ ਸਿੰਘ ਭੱਟੀ, ਸੁਰਿੰਦਰ ਰਾਮ ਕੁੱਸਾ, ਭੂਪਿੰਦਰ ਸਿੰਘ ਸੇਖੋਂ ਅਤੇ ਜਸਪਤ ਰਾਏ ਸਮੇਤ ਕਈ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਮਜ਼ਦੂਰ ਵਰਗ ਨੂੰ ਦਰਪੇਸ਼ ਮੁੱਖ ਚੁਣੌਤੀਆਂ, ਸਰਕਾਰੀ ਨੀਤੀਆਂ ਦੇ ਪ੍ਰਭਾਵ ਅਤੇ ਭਵਿੱਖ ਦੀ ਸੰਘਰਸ਼ ਰਣਨੀਤੀ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਲੇਬਰ ਕਾਨੂੰਨਾਂ ਵਿਚ ਤਬਦੀਲੀਆਂ ਦੀ ਕੜੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ 44 ਮਜ਼ਦੂਰ ਕਾਨੂੰਨਾਂ ਨੂੰ ਤੋੜ ਕੇ ਚਾਰ ਲੇਬਰ ਕੋਡਾਂ ਵਿਚ ਤਬਦੀਲ ਕਰਨਾ ਮਜ਼ਦੂਰਾਂ ਦੇ ਹੱਕਾਂ ‘ਤੇ ਸਿੱਧਾ ਹਮਲਾ ਹੈ। ਇਹ ਕਾਨੂੰਨ ਮਜ਼ਦੂਰਾਂ ਦੀ ਸੁਰੱਖਿਆ ਘਟਾਉਂਦੇ ਹਨ ਅਤੇ ਨੌਕਰੀ ਦੀ ਸਥਿਰਤਾ ਨੂੰ ਖਤਰੇ ਵਿਚ ਪਾਉਂਦੇ ਹਨ। ਉਨ੍ਹਾਂ ਦਲੀਲ ਦਿੱਤੀ ਕਿ ਸਰਕਾਰਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਨੀਤੀਆਂ ਤਿਆਰ ਕਰ ਰਹੀਆਂ ਹਨ, ਜਦਕਿ ਆਮ ਮਜ਼ਦੂਰ ਅਤੇ ਮੁਲਾਜ਼ਮ ਵਰਗ ਦੀਆਂ ਮੁਸ਼ਕਲਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭੂਪਿੰਦਰ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰ ਰਹੀਆਂ ਹਨ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਨੂੰ ਆਪਣੇ ਹੱਕਾਂ ਲਈ ਇਕੱਠ ਹੋ ਕੇ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਤਾ ਵਿਚ ਹਿੱਸੇਦਾਰੀ ਬਿਨ੍ਹਾਂ ਮਜ਼ਦੂਰਾਂ ਦੀ ਅਸਲ ਮੁਕਤੀ ਸੰਭਵ ਨਹੀਂ। ਜਦ ਤੱਕ ਮਜ਼ਦੂਰ ਜਮਾਤ ਦੇ ਪ੍ਰਤੀਨਿਧੀ ਸਤਾ ਵਿਚ ਨਹੀਂ ਪਹੁੰਚਦੇ ਜਾਂ ਫ਼ੈਸਲਾ ਲੈਣ ਵਾਲੀ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਹੁੰਦੇ, ਤਦ ਤੱਕ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ। ਬੁਲਾਰਿਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਸਿਰਫ਼ ਆਰਥਿਕ ਹੀ ਨਹੀਂ, ਸਿਆਸੀ ਪੱਖੋਂ ਵੀ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਨੇ ਸੰਗਠਿਤ ਲਹਿਰ ਖੜ੍ਹੀ ਕਰਨ ਅਤੇ ਆਪਣੇ ਹੱਕਾਂ ਲਈ ਲੰਬੇ ਸੰਘਰਸ਼ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ। ਇਸ ਸਮਾਗਮ ਵਿੱਚ ਲਾਲ ਸਿੰਘ ਢਿੱਲੋਂ, ਸਰਬਜੀਤ ਕੌਰ, ਸੰਦੀਪ, ਡਾ. ਸੁਰਜੀਤ ਬਰਾੜ, ਸਵਰਨ ਖੋਸਾ ਅਤੇ ਗਿਆਨ ਸਿੰਘ ਸਮੇਤ ਹੋਰ ਕਈ ਪ੍ਰਮੁੱਖ ਵਿਅਕਤੀ ਵੀ ਮੌਜੂਦ ਰਹੇ। ਸਾਰੇ ਹੀ ਹਾਜ਼ਰੀਨਾਂ ਨੇ ਮਜ਼ਦੂਰ ਹੱਕਾਂ ਦੀ ਲੜਾਈ ਵਿਚ ਇਕਜੁੱਟ ਰਹਿਣ ਦਾ ਸੰਕਲਪ ਦੁਹਰਾਇਆ। ਸਮਾਗਮ ਦੇ ਅੰਤ ਵਿਚ ਮਜ਼ਦੂਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹੱਥਾਂ ਵਿੱਚ ਝੰਡੇ ਫੜ੍ਹ ਕੇ ਮੋਗਾ ਦੇ ਮੇਨ ਬਜ਼ਾਰ ਵਿਚ ਇਕ ਵੱਡਾ ਅਤੇ ਜੋਸ਼ੀਲਾ ਮਾਰਚ ਕੀਤਾ। ਮਾਰਚ ਦੌਰਾਨ ਮਜ਼ਦੂਰ ਹੱਕਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਅਤੇ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਇਆ ਗਿਆ।