ਮਜ਼ਦੂਰਾਂ ਕਿਸਾਨਾਂ ਨੇ ਦਿੱਤਾ ਬੀਡੀਪੀਓ ਦਫਤਰ ਲੰਬੀ ਅੱਗੇ ਧਰਨਾ
ਖੁੱਡੀਆਂ ਦੇ ਪੀਏ ਦੀ ਮਨਜ਼ੂਰੀ ਬਿਨਾਂ ਮਕਾਨਾਂ ਦੀਆਂ ਆਈਆਂ ਕਿਸ਼ਤਾਂ ਨਾ ਪਾਉਣ ਦੇ ਫੁਰਮਾਨ ਤੋਂ ਮਜ਼ਦੂਰਾਂ ’ਚ ਰੋਹ ਭਖਿਆ
Publish Date: Tue, 02 Sep 2025 08:26 PM (IST)
Updated Date: Tue, 02 Sep 2025 08:28 PM (IST)

ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਾਲਾ ਸਿੰਘ ਖੂਨਣ ਖੁਰਦ ਦੀ ਅਗਵਾਈ ਹੇਠ ਬੀਡੀਪੀਓ ਦਫ਼ਤ ਅੱਗੇ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿੰਡ ਸਿੰਘੇਵਾਲਾ ਦੇ ਮਜ਼ਦੂਰ ਅਮਰ ਸਿੰਘ ਪੁੱਤਰ ਮੁਖਤਿਆਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਤੇ ਸੰਦੀਪ ਕੌਰ ਪਤਨੀ ਮਨਜੀਤ ਸਿੰਘ ਦੇ ਮਕਾਨ ਕਿਸ਼ਤਾਂ ਨਾ ਮਿਲਣ ਕਾਰਨ ਕਾਫੀ ਸਮੇਂ ਤੋਂ ਅੱਧ ਵਿਚਕਾਰ ਖੜ੍ਹੇ ਹਨ। ਪੀੜਤ ਮਜ਼ਦੂਰਾਂ ਵੱਲੋਂ ਇਹ ਮਾਮਲਾ ਯੂਨੀਅਨ ਦੇ ਧਿਆਨ ’ਚ ਲਿਆਉਣ ਉਪਰੰਤ ਇਸ ਮਸਲੇ ਨੂੰ ਲੈ ਕੇ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਕਾਲਾ ਸਿੰਘ ਤੇ ਸਕੱਤਰ ਰਾਮਪਾਲ ਗੱਗੜ ਦੀ ਅਗਵਾਈ ’ਚ ਇੱਕ ਵਫਦ ਬੀਡੀਪੀਓ ਦਫਤਰ ਦੇ ਅਧਿਕਾਰੀਆਂ ਨੂੰ ਮਿਲਣ ਲਈ ਪਹੁੰਚਿਆ ਤਾਂ ਬੀਡੀਪੀਓ ਦਫਤਰ ਦੇ ਮੁਲਾਜ਼ਮਾਂ ਵੱਲੋਂ ਇਨਸਾਫ ਦੇਣ ਦੀ ਥਾਂ ਮਜ਼ਦੂਰ ਆਗੂਆਂ ਨਾਲ ਗਾਲੀ ਗਲੋਚ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਅਤੇ ਰਾਮਪਾਲ ਗੱਗੜ ਦਾ ਫੋਨ ਤੱਕ ਖੋਹ ਲਿਆ ਗਿਆ। ਇਸ ਧੱਕੇਸ਼ਾਹੀ ਨੂੰ ਲੁਕਾਉਣ ਦੇ ਲਈ ਇਨ੍ਹਾਂ ਮੁਲਾਜ਼ਮਾਂ ਵੱਲੋਂ ਮਜ਼ਦੂਰ ਆਗੂਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਕਰ ਦਿੱਤੀ ਪਰ ਜਦੋਂ ਵੱਡੀ ਗਿਣਤੀ ’ਚ ਮਜ਼ਦੂਰ ਤੇ ਉਨ੍ਹਾਂ ਦੀ ਹਮਾਇਤ ’ਚ ਆਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਬੀਡੀਪੀਓ ਦਫਤਰ ਅੱਗੇ ਧਰਨਾ ਦੇ ਦਿੱਤਾ ਗਿਆ ਤਾਂ ਲੰਬੀ ਥਾਣੇ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਇਨਸਾਫ ਦੇਣ ਦੇ ਭਰੋਸੇ ਰਾਹੀਂ ਗੋਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਕਾਲਾ ਸਿੰਘ ਸਿੰਘੇਵਾਲਾ, ਰਾਮਪਾਲ ਸਿੰਘ ਗੱਗੜ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਡਾਕਟਰ ਹਰਪਾਲ ਸਿੰਘ ਤੇ ਦਲਜੀਤ ਸਿੰਘ ਮਿਠੜੀ ਨੇ ਦੋਸ਼ ਲਾਇਆ ਕਿ ਬਦਲਾਅ ਦਾ ਝਾਂਸਾ ਦੇ ਕੇ ਸਤਾ ’ਚ ਆਈ ਆਪ ਸਰਕਾਰ ਦੇ ਮੰਤਰੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਮਜ਼ਦੂਰ ਭਲਾਈ ਸਕੀਮਾਂ ਨੂੰ ਮਜ਼ਦੂਰਾਂ ਤੱਕ ਪਹੁੰਚਣ ਨਹੀਂ ਦੇ ਰਹੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮਜ਼ਦੂਰਾਂ ਤੇ ਮਜ਼ਦੂਰ ਆਗੂਆਂ ਨਾਲ ਦੁਰਵਿਹਾਰ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਅਤੇ ਮਕਾਨਾਂ ਦੀਆਂ ਕਿਸ਼ਤਾਂ ਜਾਰੀ ਨਾ ਕੀਤੀਆਂ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਖੇਤ ਮਜ਼ਦੂਰ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਇਸ ਧੱਕੇਸ਼ਾਹੀ ਖਿਲਾਫ ਪੰਜਾਬ ਦੇ ਮੁੱਖ ਮੰਤਰੀ, ਗਵਰਨਰ ਪੰਜਾਬ, ਐਸਸੀਐਸਟੀ ਕਮਿਸ਼ਨ ਅਤੇ ਪ੍ਰਧਾਨ ਮੰਤਰੀ ਦਫਤਰ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕਰਨਗੇ।