ਮਾਲਵਾ ਨਹਿਰੀ ਦੀ ਉਸਾਰੀ ਸ਼ਲਾਘਾਯੋਗ ਉਪਰਾਲਾ : ਜਸਵੰਤ ਬਰਾੜ
ਮਾਲਵਾ ਨਹਿਰੀ ਦੀ ਉਸਾਰੀ ਬਹੁਤ ਹੀ ਸ਼ਲਾਘਾਯੋਗ : ਜਸਵੰਤ ਸਿੰਘ ਬਰਾੜ
Publish Date: Tue, 09 Jul 2024 03:59 PM (IST)
Updated Date: Tue, 09 Jul 2024 04:02 PM (IST)
ਮਾਲਵਾ ਨਹਿਰੀ ਦੀ ਉਸਾਰੀ ਸ਼ਲਾਘਾਯੋਗ ਉਪਰਾਲਾ : ਜਸਵੰਤ ਬਰਾੜ
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜਸਵੰਤ ਸਿੰਘ ਬਰਾੜ ਸੇਵਾ ਮੁਕਤ ਪ੍ਰਿੰਸੀਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੇ ਬਜਟ ’ਚ 2100 ਕਰੋੜ ਰੁਪਏ ਦੀ ਰਾਸ਼ੀ 150 ਕਿਲੋਮੀਟਰ ਲੰਬੀ 700 ਕਿਉਸਕ ਮਾਤਰਾ ਦੀ ਨਹਿਰ ਰਾਜਸਥਾਨ ਕਨਾਲ ਦੇ ਉਪਰ ਪੂਰਬ ਵੱਲ 70 ਫੁੱਟ ਦਾ ਫਾਸਲਾ ਛੱਡ ਕੇ ਕੱਢਣ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਸਰਹੰਦ ਫੀਡਰ ’ਤੇ ਚੱਲ ਰਹੇ ਲਿਫ਼ਟ ਪੰਪ ਜੋ 400 ਕਿਊਸਕ ਦੇ ਕਰੀਬ ਪਾਣੀ ਲੈਂਦੇ ਹਨ ਨੂੰ ਹਟਾ ਕੇ ਸਰਹੰਦ ਫੀਡਰ ਦੀਆਂ ਦੂਰ ਦੂਰ ਦੀਆਂ ਟੇਲਾਂ ’ਤੇ ਪਾਣੀ ਪਹੁੰਚਾਇਆ ਜਾ ਸਕੇ। ਜੋ ਕਿ ਬਹੁਤ ਹੀ ਸ਼ਲਾਘਾਯੋਗ ਉਦਮ ਹੈ। ਪ੍ਰੰਤੂ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਹ ਨਹਿਰੀ ਉਸਾਰੀ ਜੇਕਰ ਫਰੀਦਕੋਟ ਤੋਂ ਸਿੱਧੀ ਕੋਟਲੀ ਅਬਲੂ, ਭਲਾਈਆਣਾ ਦੇ ਵਿਚਕਾਰ ਦੀ ਹੁੰਦੀ ਹੋਈ ਕਿੱਲਿਆਂਵਾਲੀ, ਡੱਬਵਾਲੀ ਤੱਕ ਜਾਵੇ, ਜਿਵੇਂ ਕਿ ਭੂਗੋਲਿਕ ਲੈਵਲ ਹੈ। ਇਸ ਨਾਲ ਜਿੱਥੇ ਨਹਿਰ ਦੇ ਘੇਰੇ ’ਚ ਕੁਝ ਰਕਬਾ ਸਰਹੰਦ ਕੈਨਾਲ ਦਾ ਹੋਰ ਆਵੇਗਾ ਉਥੇ ਇਹ ਨਹਿਰ ਕੱਢਣ ਦਾ ਅਸਲ ਮਕਸਦ ਤਾਂ ਹੀ ਪੂਰਾ ਹੋਵੇਗਾ ਜੇਕਰ ਲਿਫ਼ਟ ਪੰਪਾਂ ਤੋਂ ਪੱਕੇ ਤੌਰ ’ਤੇ ਖਹਿੜਾ ਛੁੱਟ ਕੇ ਕਿਸਾਨ ਵੀਰ ਆਪਣੇ ਖੇਤਾਂ ਨੂੰ ਸਿੱਧਾ ਪਾਣੀ ਲਗਾ ਸਕਣਗੇ ਜੋ ਕਿ ਨਹਿਰ ਦੀ ਦਿਸ਼ਾ ਬਦਲਣ ਨਾਲ ਹੋ ਸਕਦਾ ਹੈ। ਇਸ ਸਮੇਂ ਲਿਫ਼ਟ ਪੰਪਾਂ ਤੇ ਟਰੈਕਟਰ ਜੋੜ ਕੇ ਸਾਰੀਆਂ ਰਾਤਾਂ ਨਹਿਰ ਤੇ ਕੱਟ ਕੇ ਮਹਿੰਗੇ ਡੀਜਲ ਬਾਲ ਕੇ ਜੋਖ਼ਮ ਭਰੇ ਹਾਲਾਤਾਂ ਵਿਚ ਕਿਸਾਨ ਖੇਤਾਂ ਨੂੰ ਪਾਣੀ ਦਿੰਦੇ ਹਨ ਜੋ ਕਿ ਉਨ੍ਹਾਂ ਦੀ ਮਜ਼ਬੂਰੀ ਹੈ ਪ੍ਰੰਤੂ ਦੇਸ਼ ਦੇ ਅੰਨ ਭੰਡਾਰ ’ਚ ਆਪਣਾ ਯੋਗਦਾਨ ਦਿੰਦੇ ਹਨ। ਜਿਵੇਂ ਕਿ ਇਸ ਖੇਤਰ ’ਚ ਨਹਿਰੀ ਪਾਣੀ ਦੀ ਸ਼ੁਰੂ ਤੋਂ ਘਾਟ ਹੈ, ਸਮੇਂ ਦੀਆਂ ਸਰਕਾਰਾਂ ਪ੍ਰਕਾਸ਼ ਸਿੰਘ ਬਾਦਲ ਅਤੇ ਹਰਚਰਨ ਸਿੰਘ ਬਰਾੜ ਨੇ ਇਹ ਲਿਫ਼ਟ ਪੰਪ ਮਨਜ਼ੂਰ ਕਰਕੇ ਇੰਨ੍ਹਾਂ ਕਿਸਾਨਾਂ ਲਈ ਇਹ ਕੀਤਾ ਹੈ ਪ੍ਰੰਤੂ ਸਰਹੰਦ ਫੀਡਰ ਦਾ ਪਾਣੀ ਘਟਣ ਨਾਲ ਉਥੋਂ ਦੇ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਜਿੰਨ੍ਹਾਂ ਦੀ ਅੱਜ ਤੱਕ ਕਦੇ ਕਿਸੇ ਨੇ ਸਾਰ ਨਹੀਂ ਲਈ ਅਤੇ ਹੁਣ ਉਮੀਦ ਬੱਝੀ ਹੈ ਕਿ ਲਿਫ਼ਟ ਪੰਪ ਚੁੱਕੇ ਜਾਣ ਤੋਂ ਬਾਅਦ ਰਾਜਸਥਾਨ ਤੱਕ ਲੱਗਦੀਆਂ ਜ਼ਮੀਨਾਂ ਤੱਕ ਸਰਹੰਦ ਫੀਡਰ ਦਾ ਪਾਣੀ ਪਹੁੰਚ ਸਕੇਗਾ। ਇਸ ਨਹਿਰ ਦੀ ਦਿਸ਼ਾ ’ਤੇ ਵਿਚਾਰ ਕਰਨ ਲਈ ਸ. ਜਗਮੀਤ ਸਿੰਘ ਬਰਾੜ ਸਾਬਕਾ ਐਮਪੀ ਵੱਲੋਂ ਜਲ ਸੰਮੇਲਨ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਨੇਕ ਰਾਇ ਹੈ। ਇਸ ਸੰਮੇਲਨ ਵਿਚ ਸ. ਗੁਰਤੇਜ ਸਿੰਘ ਬਰਾੜ ਸੇਵਾ ਮੁਕਤ ਆਈਏਐਸ ਅਧਿਕਾਰੀ, ਸ੍ਰੀ ਦੁਲਟ, ਵਿਜੈਪਾਲ ਸਿੰਘ ਮਾਨ, ਐਸਐਸ ਬਰਾੜ ਅਤੇ ਹੋਰ ਸੇਵਾ ਮੁਕਤ ਸਿੰਚਾਈ ਇੰਜੀਨੀਅਰਾਂ ਨੂੰ ਜੋ ਇਸ ਖੇਤਰ ਨਾਲ ਸੰਬੰਧਿਤ ਹਨ ਨੂੰ ਇਸ ਜਲ ਸੰਮੇਲਨ ਵਿਚ ਪਹੁੰਚ ਕੇ ਕਿਸਾਨਾਂ ਨੂੰ ਯੋਗ ਅਗਵਾਈ ਦੇਣੀ ਚਾਹੀਦੀ ਹੈ ਅਤੇ ਆਪਣੇ ਤਕਨੀਕੀ ਗਿਆਨ ਨਾਲ ਖੇਤਰ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਸਮੇਂ ਪੰਜਾਬ ਦੇ ਇਸ ਦੱਖਣੀ ਹਿੱਸੇ ਵਿਚ ਨਰਮੇ ਦੀ ਫਸਲ ਖਤਮ ਹੋ ਚੁੱਕੀ ਹੈ, ਬਾਗ ਖਰਾਬ ਹੋ ਰਹੇ ਹਨ, ਧਰਤੀ ਹੇਠਲਾ ਪਾਣੀ ਮਾੜਾ ਹੈ ਅਤੇ ਸੇਮ ਦੀ ਮਾਰ ਵੀ ਹੈ। ਇਸ ਲਈ ਸਰਹੰਦ ਫੀਡਰ ਦੇ ਖੇਤਰ ਨੂੰ ਨਹਿਰੀ ਪਾਣੀ ਦੀ ਬਹੁਤ ਲੋੜ ਹੈ। ਜਿਸ ਨੂੰ ਪੂਰਾ ਕਰਨ ਲਈ ਸਰਹੰਦ ਫੀਡਰ ਦੀ ਰਹਿੰਦੀ ਉਸਾਰੀ ਜਲਦ ਪੂਰੀ ਕੀਤੀ ਜਾਵੇ ਅਤੇ ਗੰਗ ਕੈਨਾਲ ਦਾ ਹੈਡ ਜੋ ਹੁਸੈਨੀਵਾਲਾ ਤੋਂ ਬਦਲ ਕੇ ਮੱਲਾਂਵਾਲਾ (ਗੁਰਦਿੱਤੀ ਵਾਲਾ) ਸਰਹੰਦ ਫੀਡਰ ਤੋਂ ਕੀਤਾ ਹੈ ਨੂੰ ਸੈਫ਼ਨ ਬਣਾ ਕੇ ਰਾਜਸਥਾਨ ਕਨਾਲ ਤੋਂ ਕਰਨ ਦੀ ਲੋੜ ਹੈ ਤਾਂ ਜੋ ਸਰਹੰਦ ਫੀਡਰ ਹੋਰ ਪਾਣੀ ਲੈ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਹੈ ਕਿ ਸਾਰੀਆਂ ਰਾਜਸੀ ਪਾਰਟੀਆਂ ਦੇ ਮੁੱਖੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਬੀਰ ਸਿੰਘ ਬਾਦਲ, ਸੁਨੀਲ ਕੁਮਾਰ ਜਾਖੜ, ਜਗਦੀਪ ਸਿੰਘ ਕਾਕਾ ਬਰਾੜ ਇਸੇ ਖੇਤਰ ਤੋਂ ਹਨ ਉਨ੍ਹਾਂ ਦੇ ਸਾਂਝਾ ਯਤਨ ਇਸ ਮਸਲੇ ਨੂੰ ਹੱਲ ਕਰ ਸਕਦੇ ਹਨ। ਇਸ ਖੇਤਰ ਨਾਲ ਸਬੰਧਿਤ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼ੇਰ ਸਿੰਘ ਘੁਬਾਇਆ, ਹਰਸਿਮਰਤ ਕੌਰ ਬਾਦਲ, ਸਰਬਜੀਤ ਸਿੰਘ ਖਾਲਸਾ ਨੂੰ ਵੀ ਸਾਂਝੇ ਤੌਰ ਤੇ ਸਰਹੰਦ ਫੀਡਰ ਨੂੰ ਮਜ਼ਬੂਤ ਕਰਨ ਅਤੇ ਵੱਧ ਪਾਣੀ ਪ੍ਰਾਪਤ ਕਰਨ ਦੇ ਯਤਨ ਕਰਨ ਦੀ ਬੇਨਤੀ ਹੈ। ਜਿਵੇਂ ਕਿ ਰਾਵੀ ਦਰਿਆ ਦਾ ਫਾਲਤੂ ਪਾਣੀ ਬਿਆਸ ਦਰਿਆ ਰਾਹੀਂ ਹਰੀਕੇ ਹੈਡ ਤੇ ਲਿਆਉਣ ਦੇ ਉਪਰਾਲੇ ਹੋਣੇ ਚਾਹੀਦੇ ਹਨ ਅਤੇ ਇੰਨ੍ਹਾਂ ਦੀ ਸਾਂਝੀ ਅਵਾਜ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ ਵਿਚ ਪੈਣ ਤੋਂ ਰੋਕ ਸਕਦੀ ਹੈ ਅਤੇ ਲੋਕਾਂ ਨੂੰ ਗੰਦੇ ਪੀਣ ਵਾਲੇ ਪਾਣੀ ਤੋਂ ਰਾਹਤ ਦੁਆ ਕੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾ ਸਕਦੀ ਹੈ। ਜਿਹੜੇ ਕਿਸਾਨਾਂ ਦੀ ਵੀ ਮਾਲਵਾ ਨਹਿਰੀ ਵਿਚ ਜ਼ਮੀਨ ਆਵੇ ਉਨ੍ਹਾਂ ਨੂੰ ਘੱਟ ਤੋਂ ਘੱਟ 1 ਕਰੋੜ ਰੁਪਏ ਪ੍ਰਤੀ ਏਕੜ ਮੁਆਵਜਾ ਅਤੇ ਬਿਜਲੀ ਦੇ ਕੁਨੈਕਸ਼ਨ ਪਹਿਲ ਦੇ ਅਧਾਰ ਤੇ ਦਿੱਤੇ ਜਾਣ। ਜੇਕਰ ਇਸ ਨਹਿਰੀ ਦੀ ਦਿਸ਼ਾ ਉਪਰ ਵੱਲ ਨੂੰ ਹੋ ਜਾਂਦੀ ਹੈ ਤਾਂ ਫਰੀਦਕੋਟ, ਕੋਟਕਪੂਰਾ, ਮੁਕਤਸਰ, ਗਿੱਦੜਬਾਹਾ ਅਤੇ ਲੰਬੀ ਤੇ ਬਠਿੰਡਾ ਦਾ ਕਾਫ਼ੀ ਏਰੀਆ ਸੁਖੀ ਹੋ ਸਕਦਾ ਹੈ। ਉਨ੍ਹਾਂ ਬੇਨਤੀ ਕੀਤੀ ਕਿ ਮੁੱਖ ਮੰਤਰੀ, ਸਿੰਚਾਈ ਮੰਤਰੀ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਸਕੱਤਰ ਸਿੰਚਾਈ ਜੋ ਕਿ ਕੁਸ਼ਲ ਪ੍ਰਬੰਧਕ ਹਨ ਜਰੂਰ ਇਸ ਮਸਲੇ ਨੂੰ ਵਿਚਾਰਨਗੇ ਅਤੇ ਜਲ ਸੰਮੇਲਨ ਵਿਚ ਵੀ ਸਰਕਾਰ ਦੀ ਪ੍ਰਤੀਨਿੱਧਤਾ ਹੋਣੀ ਚਾਹੀਦੀ ਹੈ। ਇਸ ਲਈ ਇਸ ਮਸਲੇ ਨੂੰ ਕਿਸਾਨਾਂ ਦੀ ਆਰਥਿਕਤਾ ਨਾਲ ਜੁੜੇ ਹੋਣ ਕਰਕੇ ਕਿਸਾਨ ਜਥੇਬੰਦੀਆਂ, ਰਾਜਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ ਨੂੰ ਸਾਂਝੀ ਲਾਮਬੰਦ ਕਰਕੇ ਸਰਕਾਰ ਨਾਲ ਸਹਿਯੋਗ ਕਰਕੇ ਗੱਲਬਾਤ ਕਰਨੀ ਚਾਹੀਦੀ ਹੈ।