ਪੰਨੀਵਾਲਾ ਫੱਤਾ ਦੇ ਵਾਟਰ ਵਰਕਸ ਦੀ ਹਾਲਤ ਬਦ ਤੋਂ ਬਦਤਰ
ਪੰਨੀਵਾਲਾ ਫੱਤਾ ਦੇ ਵਾਟਰ ਵਰਕਸ ਦੀ ਹਾਲਤ ਬਦ ਤੋਂ ਬਦਤਰ
Publish Date: Sun, 26 Apr 2026 04:53 PM (IST)
Updated Date: Mon, 27 Apr 2026 04:07 AM (IST)

-ਪੀਣ ਵਾਲੇ ਸਾਫ਼ ਪਾਣੀ ਲਈ ਤਰਸ ਰਹੇ ਹਨ ਪਿੰਡ ਵਾਸੀ ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀਵਾਲਾ ਫੱਤਾ ਦਾ ਵਾਟਰ ਵਰਕਸ 1982 ਨੂੰ ਹੋਂਦ ’ਚ ਆਇਆ ਸੀ ਅਤੇ ਪਾਣੀ ਦੀ ਸਪਲਾਈ ਬਹੁਤ ਹੀ ਵਧੀਆ ਮਿਲਦੀ ਸੀ। 2002 ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ ਉਸਨੇ ਵਾਟਰ ਵਰਕਸ ਪੰਚਾਇਤਾਂ ਨੂੰ ਦੇ ਦਿੱਤੇ। ਬਸ ਉਸ ਵਕਤ ਹੀ ਵਾਟਰ ਵਰਕਸਾਂ ਦਾ ਭੋਗ ਪੈ ਗਿਆ। ਇਸੇ ਤਰ੍ਹਾਂ ਪੰਨੀਵਾਲਾ ਫੱਤਾ ਵਾਟਰ ਵਰਕਸ ਜਦ ਪੰਚਾਇਤ ਨੂੰ ਦਿੱਤਾ ਗਿਆ ਤਾਂ ਲੋਕਾਂ ਨੇ ਵਾਟਰ ਵਰਕਸ ਦਾ ਬਿੱਲ ਭਰਨਾ ਜ਼ਰੂਰੀ ਨਹੀਂ ਸਮਝਿਆ। ਬਹੁਤ ਘੱਟ ਲੋਕ ਬਿੱਲ ਭਰਦੇ ਸਨ। ਕਿਸੇ ਸਰਕਾਰ ਵੱਲੋਂ ਕੋਈ ਗਰਾਂਟ ਨਹੀਂ ਆ ਰਹੀ ਸੀ ਅਤੇ ਮੁਲਾਜ਼ਮ ਵੀ ਪੰਚਾਇਤ ਨੇ ਹੀ ਰੱਖਣੇ ਸਨ। ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਬਣ ਜਾਂਦਾ ਸੀ ਅਤੇ ਪੰਚਾਇਤ ਭਰਨ ਤੋਂ ਅਸਮਰਥ ਹੁੰਦੀ ਸੀ। 2012 ’ਚ ਬਾਦਲ ਸਰਕਾਰ ਰਿਪੀਟ ਹੋ ਗਈ ਤਾਂ ਉਨ੍ਹਾਂ ਨੇ ਪੰਨੀਵਾਲਾ ’ਚ ਦੋ ਵਾਟਰ ਵਰਕਸ ਬਣਾ ਦਿੱਤੇ ਪਰ ਪੁਰਾਣੇ ਵਾਟਰ ਵਰਕਸ ਦਾ ਹਾਲ ਮਾੜਾ ਹੀ ਰਿਹਾ। ਹੁਣ ਤਾਂ ਵਾਟਰ ਵਰਕਸ ਦੀ ਚਾਰਦਿਵਾਰੀ ਬਿਲਕੁਲ ਢਹਿ-ਢੇਰੀ ਹੋ ਗਈ ਹੈ। ਡਿੱਗੀਆਂ ’ਚ ਕੁੱਤੇ ਇਸ਼ਨਾਨ ਕਰਦੇ ਹਨ ਅਤੇ ਕਈ ਵਾਰ ਡੰਗਰ ਵੀ ਡਿੱਗ ਪੈਂਦੇ ਹਨ। ਨਹਿਰ ਤੋਂ ਪਾਣੀ ਆਉਣ ਦਾ ਕੋਈ ਪ੍ਰਬੰਧ ਨਹੀਂ ਕਿਉਂਕਿ ਨਹਿਰ ’ਤੇ ਕੋਈ ਮੋਘੀ ਵਗੈਰਾ ਮਨਜ਼ੂਰ ਨਹੀਂ। ਆਰਜੀ ਤੌਰ ’ਤੇ ਪਾਈਪ ਲਾਈ ਹੋਈ ਹੈ। ਨਹਿਰ ਦੇ ਕੋਲ ਕੋਈ ਮੋਟਰ ਜਾਂ ਟਰਾਂਸਫਾਰਮਰ ਦਾ ਪ੍ਰਬੰਧ ਨਹੀਂ ਤਾਂ ਕਿ ਨਹਿਰ ਦੀ ਬੰਦੀ ਆਉਣ ਤੇ ਟਿਊਬਵੈੱਲ ਦਾ ਪਾਣੀ ਵਾਟਰ ਵਰਕਸ ਤੱਕ ਪਹੁੰਚਾਇਆ ਜਾਵੇ। ਸਾਰੇ ਵਾਟਰ ’ਚ ਸਰਕੰਡਾ ਘਾਹ ਫੂਸ ਉਗਾ ਹੋਇਆ ਹੈ। ਡੰਗਰ ਵੀ ਸ਼ਰੇਆਮ ਵਾਟਰ ਵਰਕਸ ਵਿੱਚ ਚਰਦੇ ਰਹਿੰਦੇ ਹਨ। ਇਸ ਬਾਬਤ ਲੋਕ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਬੇਨਤੀ ਕਰ ਚੁੱਕੇ ਹਨ ਅਤੇ ਮੌਕਾ ਵੀ ਦਿਖਾ ਚੁੱਕੇ ਹਨ। ਉਨ੍ਹਾਂ ਨੇ ਤੁਰੰਤ ਐਕਸੀਅਨ ਨੂੰ ਫੋਨ ਕਰਕੇ ਸਾਰੀ ਪ੍ਰਪੋਜਲ ਬਣਾ ਕੇ ਭੇਜਣ ਲਈ ਕਿਹਾ ਪਰ ਅਫਸਰਾਂ ਦੇ ਕੰਨ ’ਤੇ ਜੂੰ ਨਹੀਂ ਸਰਕਦੀ। - ਪਾਣੀ ਨਾਲ ਬਿਮਾਰੀਆਂ ਲੱਗਦੀਆਂ ਹਨ- ਧਰਮਿੰਦਰ ਸਿੰਘ ਬੱਗਾ ਜਟਾਣਾ ਨੇ ਕਿਹਾ ਕਿ ਵਾਟਰ ਵਰਕਸ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ। ਜਦ ਪਾਣੀ ਨਾਲ ਨਹਾਉਂਦੇ ਹਾਂ ਤਾਂ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਅਤੇ ਪਸ਼ੂ ਵੀ ਨਹੀਂ ਪੀਂਦੇ। ਸਾਨੂੰ ਪੀਣ ਵਾਸਤੇ ਚਾਰ ਕਿਲੋਮੀਟਰ ਦੂਰ ਜਾ ਕੇ ਢਿੱਪਾਂ ਵਾਲੀ ਤੋਂ ਨਲਕੇ ਦਾ ਪਾਣੀ ਲਿਆਉਣਾ ਪੈਂਦਾ ਹੈ ਪਰ ਉਹ ਵੀ ਕੋਈ ਬਹੁਤ ਵਧੀਆ ਨਹੀਂ ਪਰ ਕੀ ਕਰੀਏ ਮਜਬੂਰੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਾਟਰ ਵਰਕਸ ਦਾ ਸੁਧਾਰ ਕੀਤਾ ਜਾਵੇ ਅਤੇ ਨਹਿਰ ਤੇ ਮੋਘੀ ਲਾਈ ਜਾਵੇ ਅਤੇ ਨਾਲ ਹੀ ਇੱਕ ਟਿਊਬਵੈਲ ਲਗਾ ਕੇ ਟਰਾਂਸਫਾਰਮਰ ਅਤੇ 24 ਘੰਟੇ ਵਾਲੀ ਮੋਟਰ ਰੱਖੀ ਜਾਵੇ ਜਾਂ ਸੋਲਰ ਸਿਸਟਮ ਲਗਾਇਆ ਜਾਵੇ ਅਤੇ ਵਾਟਰ ਵਰਕਸ ’ਚ ਵੀ ਪਾਣੀ ਸਾਫ ਕਰਨ ਵਾਸਤੇ ਰੇਤਾ ਬੱਜਰੀ ਲਾਲ ਦਵਾਈ ਦਾ ਪ੍ਰਬੰਧ ਕੀਤਾ ਜਾਵੇ। -ਲੋਕ ਬਹੁਤ ਦੁਖੀ ਹਨ- ਜਗਵਿੰਦਰ ਸਿੰਘ ਰਾਜੂ ਜਟਾਣਾ ਨੇ ਕਿਹਾ ਕਿ ਇਸ ਵਾਟਰ ਵਰਕਸ ’ਤੇ 350 ਕੁਨੈਕਸ਼ਨ ਹਨ ਪਰ ਪਾਣੀ ਦੀ ਹਮੇਸ਼ਾ ਹੀ ਕਮੀ ਰਹਿੰਦੀ ਹੈ। ਲੋਕ ਬਹੁਤ ਦੁਖੀ ਹਨ। 2002 ਵੇਲੇ ਕਾਂਗਰਸ ਸਰਕਾਰ ਬਣੀ ਸੀ ਤਾਂ ਉਸ ਵਕਤ ਵਾਟਰ ਵਰਕਰਸ ਦੀ ਚਾਰਦੀਵਾਰੀ ਕੀਤੀ ਗਈ ਸੀ ਕਿਉਂਕਿ ਪਹਿਲਾਂ ਕੰਡਿਆਲੀ ਤਾਰਾਂ ਲਾਈਆਂ ਹੋਈਆਂ ਸਨ ਅਤੇ ਉਸਤੋਂ ਬਾਅਦ ਤਾਂ ਵਾਟਰ ਵਰਕਸ ਵੱਲ ਬਿਲਕੁਲ ਹੀ ਖਿਆਲ ਨਹੀਂ ਕੀਤਾ ਗਿਆ। ਪਾਣੀ ਬਿਜਲੀ ਹਵਾ ਮਨੁੱਖ ਦੀਆਂ ਮੁਢਲੀਆਂ ਲੋੜਾਂ ਹਨ ਜੇ ਪਾਣੀ ਹੀ ਨਾ ਮਿਲਿਆ ਤਾਂ ਮਨੁੱਖ ਦਾ ਜੀਵਤ ਰਹਿਣਾ ਬਹੁਤ ਹੀ ਜਿਆਦਾ ਔਖਾ ਹੈ। -ਮਾੜੇ ਪਾਣੀ ਕਾਰਨ ਬਿਮਾਰੀਆਂ ਵਧ ਗਈਆਂ- ਡਾ. ਮਹਿੰਦਰ ਸਿੰਘ ਪ੍ਰਧਾਨ ਐੱਮਪੀਏ ਨੇ ਕਿਹਾ ਕਿ ਮਾੜੇ ਪਾਣੀ ਕਾਰਨ ਸਾਡੇ ਕੋਲ ਮਰੀਜ਼ ਬਹੁਤ ਹੀ ਜ਼ਿਆਦਾ ਵੱਧ ਗਏ ਹਨ। ਅਸੀਂ ਨਹੀਂ ਚਾਹੁੰਦੇ ਕੋਈ ਗਰੀਬ ਬਿਮਾਰ ਹੋਵੇ ਅਤੇ ਅਸੀਂ ਤਾਂ ਹਰੇਕ ਦਾ ਭਲਾ ਹੀ ਸੋਚਦੇ ਹਾਂ ਅਤੇ ਹਮੇਸ਼ਾ ਹੀ ਲੋਕਾਂ ਨੂੰ ਸਲਾਹ ਦਿੰਦੇ ਰਹਿੰਦੇ ਹਾਂ ਕਿ ਪਾਣੀ ਨੂੰ ਪੂਰੀ ਤਰ੍ਹਾਂ ਉਬਾਲ ਕੇ ਅਤੇ ਪੁਣ ਕੇ ਪੀਓ। ਨਹਾਉਣ ਵੇਲੇ ਵੀ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ ਅਤੇ ਉਸ ਤੋਂ ਬਾਅਦ ਠੰਢਾ ਕਰ ਲਓ ਫਿਰ ਹੀ ਨਹਾਓ। ਪਾਣੀ ਦੀਆਂ ਟੈਂਕੀਆਂ ’ਚ ਲਾਲ ਦਵਾਈ ਜ਼ਰੂਰ ਪਾਓ। ਜੇ ਹੋ ਸਕੇ ਤਾਂ ਪਾਣੀ ਨਲਕੇ ਤੋਂ ਜਾਂ ਆਰਓ ਸੈਂਟਰ ਤੋਂ ਲਿਆ ਕੇ ਪੀਓ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਭਰਾ ਬਿਮਾਰ ਹੋਣ। -ਜੇਈ ਨੇ ਅਸਟੀਮੇਟ ਬਣਾ ਲਿਆ, ਜਲਦ ਕਰਵਾਇਆ ਜਾਵੇਗਾ ਹੱਲ : ਸਰਪੰਚ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਈ ਨੇ ਆ ਕੇ ਸਾਰਾ ਅਸਟੀਮੇਟ ਲਾ ਲਿਆ ਹੈ ਅਤੇ ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਜਲਦੀ ਅਸਟੀਮੇਟ ਮੁਤਾਬਿਕ ਗ੍ਰਾਂਟ ਜਾਰੀ ਕਰਨਗੇ ਅਤੇ ਵਾਟਰ ਵਰਕਸ ਦੀ ਹਰ ਕਮੀ ਪੂਰੀ ਕੀਤੀ ਜਾਵੇਗੀ।