ਆਨਲਾਈਨ ਦਵਾਈਆਂ ਦੀ ਵਿਕਰੀ ਦਾ ਕੀਤਾ ਵਿਰੋਧ
ਆਨਲਾਈਨ ਫਾਰਮਸੀਆਂ ਅਤੇਰਾਸ਼ਟਰ ਪੱਧਰੀ ਹੜਤਾਲ ਸਬੰਧੀ ਹਮਾਇਤ ਦਾ ਐਲਾਨ ਕਰਦੇ ਹੋਏ ਜਥੇਬੰਦੀ ਦੇ ਆਗੂ।
Publish Date: Sun, 26 Apr 2026 03:41 PM (IST)
Updated Date: Mon, 27 Apr 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ: ਆਨਲਾਈਨ ਫਾਰਮਸੀਆਂ ਅਤੇ ਵੱਡੇ ਸਟੋਰ ਭਾਰੀ ਛੋਟਾਂ ਦੇ ਕੇ ਉਨ੍ਹਾਂ ਕੀਮਤਾਂ ’ਤੇ ਗਾਹਕਾਂ ਨੂੰ ਸਿੱਧੇ ਤੌਰ ’ਤੇ ਆਨਲਾਈਨ ਦਵਾਈਆਂ ਵੇਚ ਰਹੇ ਹਨ ਜਿੰਨਾਂ ਕੀਮਤਾਂ ’ਤੇ ਆਮ ਪ੍ਰਚੂਨ ਵਿਕਰੇਤਾ ਨੂੰ ਵੀ ਦਵਾਈਆਂ ਨਹੀਂ ਮਿਲ ਰਹੀਆਂ ਹਨ। ਇਸ ਦਵਾਈਆਂ ਦੀ ਆਨਲਾਈਨ ਵਿਕਰੀ ਦੇ ਵਿਰੋਧ ਵਿਚ ਦੇਸ਼ ਭਰ ਦੇ 12 ਲੱਖ 40 ਹਜ਼ਾਰ ਕੈਮਿਸਟ 20 ਮਈ ਨੂੰ ਇਕ ਦਿਨ ਦੀ ਹੜਤਾਲ ਕਰ ਰਹੇ ਹਨ। ਇਹ ਐਲਾਨ ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟ ਐਂਡ ਡਰਗਸਿਟ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਕੀਤਾ ਹੈ। ਦੇਸ਼ ਭਰ ਦੇ ਕੈਮਿਸਟਾਂ ਦੀ 20 ਮਈ ਦੀ ਹੜਤਾਲ ਦਾ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਅਤੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨਾਲ ਸੰਬੰਧਿਤ ਮਜ਼ਦੂਰ ਜਥੇਬੰਦੀਆਂ ਵੱਲੋਂ ਸਮਰਥਨ ਕੀਤਾ ਗਿਆ। ਇਸ ਮੌਕੇ ਦੇਸ਼ ਭਰ ਦੇ ਕੈਮਿਸਟਾਂ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਐੱਲਪੀਜੀ ਗੈਸ ਸਪਲਾਈ ਵਰਕਰ ਯੂਨੀਅਨ ਦੇ ਪ੍ਰਧਾਨ ਰਾਮ ਬਚਨ ਰਾਓ ਅਤੇ ਕ੍ਰਾਂਤੀਕਾਰੀ ਭੱਠਾ ਮਜਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਸਾਡੇ ਦੇਸ਼ ਵਿਚ ਆਨਲਾਈਨ ਫਾਰਮੇਸੀਆਂ ਦੀ ਇਜਾਜ਼ਤ ਨਹੀਂ ਹੈ ਪਰੰਤੂ ਸਰਕਾਰ ਦੀ ਜਾਨੇ ਅਨਜਾਨੇ ਵਿਚ ਅਣਗਹਿਲੀ ਕਾਰਨ ਅਜਿਹਾ ਹੋ ਰਿਹਾ ਹੈ। ਜੇਕਰ ਆਨਲਾਈਨ ਫਾਰਮਸੀਆਂ ’ਤੇ ਲੋਕਾਂ ਨੂੰ ਪ੍ਰਚੂਨ ਦੁਕਾਨਾਂ ਨਾਲੋਂ ਸਸਤੀਆਂ ਦਵਾਈਆਂ ਘਰ ਬੈਠੇ ਮਿਲਣਗੀਆਂ ਤਾਂ ਫਿਰ ਲੋਕ ਪ੍ਰਚੂਨ ਦੀਆਂ ਕੈਮਿਸਟ ਦੁਕਾਨਾਂ ਤੋਂ ਦਵਾਈਆਂ ਖ਼ਰੀਦਣੀਆਂ ਹੌਲੀ ਹੌਲੀ ਬੰਦ ਕਰ ਦੇਣਗੇ, ਜਿਸ ਨਾਲ ਜਿੱਥੇ ਹੋਲਸੇਲ ਅਤੇ ਪ੍ਰਚੂਨ ਦਵਾਈ ਵਿਕਰੇਤਾਵਾਂ ਦੀਆਂ ਦੁਕਾਨਾਂ ਬੰਦ ਹੋਣਗੀਆਂ, ਉੱਥੇ ਦੂਸਰੇ ਪਾਸੇ ਇਨ੍ਹਾਂ ਲੱਖਾਂ ਦੁਕਾਨਾਂ ’ਤੇ ਕੰਮ ਕਰਨ ਵਾਲੇ ਲੱਖਾਂ ਦੀ ਗਿਣਤੀ ਵਿਚ ਕਾਮੇ ਵੀ ਬੇਰੁਜ਼ਗਾਰ ਹੋ ਜਾਣਗੇ। ਇਸ ਮੌਕੇ ਮਜ਼ਦੂਰ ਜਥੇਬੰਦੀਆਂ ਨੇ ਮਜ਼ਦੂਰ ਆਗੂ ਵਿਜੇ ਧੀਰ ਦੀ ਅਗਵਾਈ ਵਿਚ ਆਨਲਾਈਨ ਫਾਰਮਸੀਆਂ ਅਤੇ ਆਨਲਾਈਨ ਦਵਾਈਆਂ ਵੇਚਣ ’ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਈ ਰਿਕਸ਼ਾ ਮਜ਼ਦੂਰ ਸੰਘ ਤੋਂ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਮੇ ਵਾਲਾ, ਜਸਵਿੰਦਰ ਸਿੰਘ ਡੱਡ, ਜਨਰਲ ਸਕੱਤਰ ਮੇਜਰ ਸਿੰਘ ਲੰਡੇ ਕੇ, ਰਜਿੰਦਰ ਕਾਲਾ, ਗੁਰਚਰਨ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ ਜੱਸਾ, ਰਿੰਪੀ, ਮਦਨ ਲਾਲ, ਬੱਬੂ, ਗੁਰਚਰਨ ਸਿੰਘ ਬਹੋਨਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।