ਵੱਧ ਪਾਰਕਿੰਗ ਫ਼ੀਸ ਵਸੂਲਣ ਕਾਰਨ ਰੋਸ ਜ਼ਾਹਰ
ਨਵੀਂ ਸਬਜ਼ੀ ਮੰਡੀ ਫਿਰੋਜ਼ਪੁਰ
Publish Date: Sun, 26 Apr 2026 04:09 PM (IST)
Updated Date: Mon, 27 Apr 2026 04:04 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਨਵੀਂ ਸਬਜ਼ੀ ਮੰਡੀ ਫਿਰੋਜ਼ਪੁਰ ਰੋਡ ਵਿਚ ਸਬਜ਼ੀ ਅਤੇ ਫ਼ਲਾਂ ਦੀ ਢੋਆ ਢੁਆਈ ਕਰਨ ਵਾਲੇ ਸੈਂਕੜੇ ਰੇਹੜੇ ਵਾਲਿਆਂ ਵਿਚ ਪਾਰਕਿੰਗ ਠੇਕੇਦਾਰਾਂ ਵੱਲੋਂ ਨਿਸ਼ਚਿਤ ਰੇਟਾਂ ਤੋਂ ਵੱਧ ਰੇਟਾਂ ਦੀ ਪਾਰਕਿੰਗ ਫੀਸ ਦੀ ਨਜਾਇਜ਼ ਪਰਚੀ ਕੱਟੀ ਜਾਣ ਨੂੰ ਲੈ ਕੇ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਪੀੜਤ ਰੇਹੜੇ ਵਾਲਿਆਂ ਦੇ ਸੱਦੇ ’ਤੇ ਇਨ੍ਹਾਂ ਰੇਹੜੇ ਵਾਲਿਆਂ ਦੀ ਸਮੱਸਿਆ ਦੀ ਜਾਣਕਾਰੀ ਲੈਣ ਲਈ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨਵੀਂ ਸਬਜ਼ੀ ਮੰਡੀ ਪੁੱਜੇ ਅਤੇ ਰੇਹੜੇ ਵਾਲਿਆਂ ਦੀ ਸਮੱਸਿਆ ਗੌਰ ਨਾਲ ਸੁਣੀ। ਇਸ ਮੌਕੇ ਮਿਡ ਡੇ ਮੀਲ ਕੁੱਕ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਕਰਮ ਚੰਦ ਚੰਡਾਲੀਆ, ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਐੱਲਪੀਜੀ ਗੈਸ ਸਪਲਾਈ ਵਰਕਰ ਯੂਨੀਅਨ ਦੇ ਪ੍ਰਧਾਨ ਰਾਮ ਬਚਨ ਰਾਓ, ਸਬਜ਼ੀ ਮੰਡੀ ਆੜ੍ਹਤੀਆ ਸਰਬਜੀਤ ਸਿੰਘ ਹਨੀ ਸੋਢੀ ਪਾਰਕਿੰਗ ਠੇਕੇਦਾਰ ਦੇ ਪ੍ਰਤੀਨਿਧ ਬੱਬੂ ਤੋਂ ਇਲਾਵਾ ਭਾਰੀ ਗਿਣਤੀ ਵਿਚ ਰੇਹੜੇ ਵਾਲੇ ਹਾਜ਼ਰ ਸਨ। ਇਸ ਮੌਕੇ ਰੇਹੜੇ ਵਾਲਿਆਂ ਦੇ ਪ੍ਰਤੀਨਿਧੀ ਸਤਨਾਮ ਸਿੰਘ ਵਾਹਿਗੁਰੂ ਨੇ ਕਿਹਾ ਕਿ ਜਦੋਂ ਮਜ਼ਦੂਰਾਂ ’ਤੇ ਭੀੜ ਪੈਂਦੀ ਹੈ ਤਾਂ ਸਾਨੂੰ ਮਜ਼ਦੂਰਾਂ ਨੂੰ ਮਜ਼ਦੂਰਾਂ ਦੇ ਮਸੀਹਾ ਵਿਜੇ ਧੀਰ ਦੀ ਯਾਦ ਆਉਂਦੀ ਹੈ ਅਤੇ ਸਾਡੀ ਮਜ਼ਦੂਰਾਂ ਦੀ ਇਕ ਆਵਾਜ਼ ’ਤੇ ਉਹ ਹਾਜ਼ਰ ਹੋ ਜਾਂਦੇ ਹਨ। ਇਸ ਮੌਕੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਰੇਹੜੇ ਵਾਲਿਆਂ ਵੱਲੋਂ ਪੇਸ਼ ਕੀਤੀ ਸਮੱਸਿਆ ਦੀ ਤਹਿ ਤੱਕ ਉਹ ਜਾਣਗੇ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਉਹ ਇਸ ਸਬੰਧ ਵਿਚ ਮਾਰਕੀਟ ਕਮੇਟੀ ਚੇਅਰਮੈਨ ਨਾਲ ਗੱਲਬਾਤ ਕਰਨਗੇ। ਧੀਰ ਨੇ ਕਿਹਾ ਕਿ ਇੱਕ ਵਾਰ ਪਹਿਲਾਂ ਵੀ ਅਜਿਹੇ ਮਾਮਲੇ ਵਿਚ ਉਨ੍ਹਾਂ ਨੇ ਵੱਧ ਪਾਰਕਿੰਗ ਫ਼ੀਸ ਵਸੂਲੀ ਮਾਮਲੇ ਵਿਚ ਰੇਹੜੇ ਵਾਲਿਆਂ ਅਤੇ ਛੋਟੇ ਹਾਥੀ ਕੈਂਟਰ ਵਾਲਿਆਂ ਨੂੰ ਇਨਸਾਫ਼ ਦਵਾਇਆ ਸੀ ਅਤੇ ਉਸ ਸਮੇਂ ਦੇ ਪਾਰਕਿੰਗ ਠੇਕੇਦਾਰ ਨੂੰ ਲੱਖ ਰੁਪਏ ਤੋਂ ਜ਼ਿਆਦਾ ਜ਼ੁਰਮਾਨਾ ਕਰਵਾਇਆ ਸੀ। ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਇਸ ਵਾਰ ਵੀ ਰੇਹੜੇ ਵਾਲਿਆਂ ਨੂੰ ਇਨਸਾਫ਼ ਹਰ ਹਾਲਤ ਵਿਚ ਲੈ ਕੇ ਦਿਆਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨ ਕੁਮਾਰ, ਨੇਕ ਸਿੰਘ, ਜਸਵਿੰਦਰ ਸਿੰਘ, ਵਿਮਲ ਕੁਮਾਰ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਸਤਨਾਮ ਸਿੰਘ, ਜੱਗਾ ਲੋਹਾਰਾ, ਲਵ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।