ਡੀਸੀ ਕੈਂਪ ਆਫਿਸ ਦੇ ਨਾਮ ਵਾਲਾ ਬੋਰਡ ਸਹੀ ਢੰਗ ਨਾਲ ਲਿਖਵਾਇਆ ਜਾਵੇ : ਢੋਸੀਵਾਲ
ਡੀਸੀ ਕੈਂਪ ਆਫਿਸ ਦੇ ਨਾਮ ਵਾਲਾ ਬੋਰਡ ਸਹੀ ਢੰਗ ਨਾਲ ਲਿਖਵਾਇਆ ਜਾਵੇ : ਢੋਸੀਵਾਲ
Publish Date: Tue, 03 Mar 2026 03:55 PM (IST)
Updated Date: Tue, 03 Mar 2026 03:56 PM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਰਾਜ ਅੰਦਰ ਹਰ ਸਰਕਾਰੀ ਦਫਤਰ ਜਾਂ ਸਰਕਾਰੀ ਕੈਂਪ ਆਫਿਸ ਦੇ ਨਾਮ ਦੀ ਸੂਚਨਾ ਸਬੰਧੀ ਸਬੰਧਤ ਗੇਟਾਂ ਉਪਰ ਡਿਸਪਲੇਅ ਬੋਰਡ ਲਗਵਾਏ ਜਾਂਦੇ ਹਨ। ਪਰੰਤੂ ਕਈ ਵਾਰ ਇਨ੍ਹਾਂ ਬੋਰਡਾਂ ਉਪਰ ਦਫਤਰ ਜਾਂ ਕੈਂਪ ਆਫਿਸ ਸਬੰਧੀ ਸਹੀ ਢੰਗ ਨਾਲ ਨਹੀਂ ਲਿਖਿਆ ਹੁੰਦਾ। ਅਜਿਹੇ ਹੀ ਮਾਮਲੇ ਦੀ ਇੱਕ ਉਦਾਹਰਨ ਸਥਾਨਕ ਕੋਟਕਪੂਰਾ ਰੋਡ ਸਥਿਤ ਡੀਸੀ ਕੈਂਪ ਆਫਿਸ ਦੇ ਮੇਨ ਸੜਕ ਉਪਰ ਬਣੇ ਗੇਟ ਉਪਰ ਲਗਵਾਏ ਬੋਰਡ ਤੋਂ ਮਿਲਦੀ ਹੈ। ਇਸ ਬੋਰਡ ਉਪਰ ਪਹਿਲਾਂ ਅੰਗਰੇਜ਼ੀ ਵਿੱਚ ਨਾਮ ਲਿਖਵਾਇਆ ਗਿਆ ਸੀ, ਪਰੰਤੂ ਜਲਦਬਾਜੀ ਜਾਂ ਅਣਗਹਿਲੀ ਕਾਰਨ ਅੰਗਰੇਜ਼ੀ ਵਾਲੇ ਬੋਰਡ ਉਪਰ ਹੀ ਡੀਸੀ ਕੈਂਪ ਆਫਿਸ ਦੇ ਨਾਮ ਅਤੇ ਰਿਹਾਇਸ਼ ਦੀ ਸੂਚਨਾ ਬਾਰੇ ਪੰਜਾਬੀ ਵਿੱਚ ਲਿਖ ਦਿੱਤਾ ਗਿਆ ਹੈ। ਦੋਵੇਂ ਲਿਖਾਵਟਾ ਮਿਕਸ ਹੋਣ ਨਾਲ ਬੋਰਡ ਉਪਰ ਲਿਖਤ ਸਹੀ ਢੰਗ ਨਾਲ ਪੜ੍ਹੀ ਨਹੀਂ ਜਾਂਦੀ। ਐਨਾ ਹੀ ਨਹੀਂ ਇਸ ਗੇਟ ਉਪਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਨਾਮ ਨੂੰ ਦਰਸਾਉਂਦਾ ਵੀ ਕੋਈ ਬੋਰਡ ਨਹੀਂ ਲੱਗਾ ਹੋਇਆ। ਜਿਲ੍ਹੇ ਦੇ ਸਭ ਤੋਂ ਵੱਡੇ ਅਧਿਕਾਰੀ ਡਿਪਟੀ ਕਮਿਸ਼ਨਰ ਦੇ ਕੈਂਪ ਆਫਿਸ ਦੇ ਨਾਮ ਨੂੰ ਦਰਸਾਉਂਦਾ ਇਹ ਬੋਰਡ ਆਮ ਲੋਕਾਂ ਉਪਰ ਕੋਈ ਵਧੀਆ ਪ੍ਰਭਾਵ ਨਹੀਂ ਪਾਉਂਦਾ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਿਪਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇੱਥੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਉਕਤ ਬੋਰਡ ਨੂੰ ਸਹੀ ਢੰਗ ਨਾਲ ਲਿਖਵਾਇਆ ਜਾਵੇ ਅਤੇ ਡਿਪਟੀ ਕਮਿਸ਼ਨਰ ਦੇ ਨਾਮ ਨੂੰ ਦਰਸਾਉਂਦੇ ਬੋਰਡ ਵੀ ਤੁਰੰਤ ਲਗਵਾਏ ਜਾਣ।