ਹਾਈ ਟੈਂਸ਼ਨ ਤਾਰਾਂ ’ਚ ਧਮਾਕੇ ਨਾਲ ਉਪਕਰਣ ਸਣੇ
ਸਥਾਨਕ ਸ਼ਹਿਰ ਦੇ ਵਾਰਡ ਨੰਬਰ 7
Publish Date: Sat, 25 Apr 2026 03:57 PM (IST)
Updated Date: Sun, 26 Apr 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਸਥਾਨਕ ਸ਼ਹਿਰ ਦੇ ਵਾਰਡ ਨੰਬਰ 7 ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਰਿਹਾਇਸ਼ੀ ਘਰ ਦੇ ਉੱਪਰੋਂ ਲੰਘ ਰਹੀਆਂ 132 ਕੇਵੀ ਉੱਚ ਦਬਾਅ ਵਾਲੀਆਂ ਬਿਜਲੀ ਦੀਆਂ ਤਾਰਾਂ ਕਾਰਨ ਅਚਾਨਕ ਭਿਆਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਿਆਦਾ ਸੀ ਕਿ ਨੇੜਲੇ ਘਰਾਂ ਦੇ ਰਹਿਣ ਵਾਲੇ ਲੋਕ ਡਰ ਕੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਪੂਰੇ ਇਲਾਕੇ ਵਿਚ ਡਰ ਦਾ ਮਾਹੋਲ ਬਣ ਗਿਆ ਇਸ ਧਮਾਕੇ ਨਾਲ ਇਲਾਕੇ ਦੇ ਕਈ ਘਰਾਂ ਨੂੰ ਵੱਡਾ ਨੁਕਸਾਨ ਪਹੁੰਚਿਆ। ਘਰਾਂ ਦੀਆਂ ਕੰਧਾਂ ਤੱਕ ਵਿਚ ਦਰਾਰਾਂ ਪੈ ਗਈਆਂ, ਜਦਕਿ ਫਰਿੱਜ, ਟੀਵੀ, ਏਸੀ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਸੜ ਕੇ ਨਸ਼ਟ ਹੋ ਗਿਆ। ਪੀੜਤ ਪਰਿਵਾਰਾਂ ਅਨੁਸਾਰ ਇਸ ਹਾਦਸੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਮੌਕੇ ’ਤੇ ਪਹੁੰਚੇ ਵਾਰਡ ਨੰਬਰ 7 ਦੀ ਕੌਂਸਿਲਰ ਸਰੋਜ ਰਾਣੀ ਦੇ ਪਤੀ ਗੋਵਰਧਨ ਪੋਪਲੀ ਨੇ ਕਿਹਾ ਕਿ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਨ੍ਹਾਂ ਦੱਸਿਆ ਕਿ ਜਿਸ ਕੋਠੀ ਕਾਰਨ ਇਹ ਘਟਨਾ ਵਾਪਰੀ ਹੈ, ਉਸ ਕੋਠੀ ਦਾ ਉੱਪਰਲਾ ਹਿੱਸਾ ਜਲਦ ਹੀ ਢਾਹਿਆ ਜਾਵੇਗਾ ਤਾਂ ਜੋ ਭਵਿੱਖ ’ਚ ਇਸ ਤਰ੍ਹਾਂ ਦੇ ਖਤਰੇ ਤੋਂ ਬਚਿਆ ਜਾ ਸਕੇ। ਗੁੱਸੇ ਵਿਚ ਆਏ ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸੇ ਕਾਰਨ ਦੋ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਲਾਕਾ ਵਾਸੀਆਂ ਨੇ ਸਖ਼ਤ ਲਹਿਜ਼ੇ ਵਿਚ ਮੰਗ ਕੀਤੀ ਹੈ ਕਿ ਇਸ ਨਜਾਇਜ਼ ਬਣੀ ਕੋਠੀ ਦਾ ਉੱਪਰਲਾ ਹਿੱਸਾ ਤੁਰੰਤ ਢਾਹਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਸੋਮਵਾਰ ਤੱਕ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਕੋਠੀ ਦੇ ਬਾਹਰ ਵੱਡੇ ਪੱਧਰ ‘ਤੇ ਧਰਨਾ ਦਿੱਤਾ ਜਾਵੇਗਾ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਕੋਠੀ ਮਾਲਕ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਬਿਜਲੀ ਬੋਰਡ ਦੀ ਲਾਪਰਵਾਹੀ ਨੂੰ ਵੀ ਧਿਆਨ ਵਿਚ ਰੱਖਦੇ ਹੋਏ ਭਾਰੀ ਜੁਰਮਾਨਾ ਲਗਾਇਆ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਹ ਘਟਨਾ ਇਕ ਵਾਰ ਫਿਰ ਸ਼ਹਿਰੀ ਇਲਾਕਿਆਂ ਵਿਚ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਅਤੇ ਪ੍ਰਸ਼ਾਸਨਿਕ ਲਾਪਰਵਾਹੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।