ਆਈਐੱਸਐੱਫ ਕਾਲਜ ’ਚ ਵਰਕਸ਼ਾਪ ਲਗਾਈ
ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸਬੰਧੀ
Publish Date: Thu, 07 May 2026 04:02 PM (IST)
Updated Date: Fri, 08 May 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸਬੰਧੀ ਪ੍ਰੇਰਿਤ ਕਰਨ ਲਈ ਅਤੇ ਉੱਦਮੀਆਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂੰ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਅਤੇ ਸਟਾਰਟ-ਅੱਪ ਪੰਜਾਬ ਵੱਲੋਂ ਆਈਐੱਸਐੱਫ਼ ਕਾਲਜ ਆਫ਼ ਫਾਰਮੇਸੀ ਘੱਲ ਕਲਾਂ ਮੋਗਾ ਵਿਖੇ ਇਕ ਦਿਨਾ ਵਰਕਸ਼ਾਪ ਲਗਾਈ ਗਈ। ਇਸ ਮੌਕੇ ਡਿੰਪਲ ਥਾਪਰ ਜ਼ਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੀ ਯੋਗ ਅਗਵਾਈ ਹੇਠ ਕੀਤੀ ਗਈ ਇਸ ਵਰਕਸ਼ਾਪ ਦਾ ਉਦੇਸ਼ ਆਪਣਾ ਕਾਰੋਬਾਰ ਸ਼ੂਰ ਕਰਨ ਦੇ ਚਾਹਵਾਨਾਂ, ਵਿਦਿਆਰਥੀਆਂ, ਸੈਲਫ਼ ਹੈਲਪ ਗਰੁੱਪ ਮੈਂਬਰਾਂ, ਕਾਰੀਗਰਾਂ ਅਤੇ ਅਗਾਂਹਵਧੂ ਕਿਸਾਨਾਂ ਨੂੰ ਸਟਾਰਟਅੱਪ ਮਾਹਿਰਾਂ ਦੇ ਨਾਲ ਰੁਬਰੂ ਕਰਵਾਉਣਾ ਸੀ। ਇਸ ਵਰਕਸ਼ਾਪ ’ਚ 150 ਤੋਂ ਵੱਧ ਪ੍ਰਾਰਥੀਆਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਵਿਚ ਸਟਾਰਟਅੱਪ ਇੰਡੀਆ ਡੀਪੀਆਈਆਈ ਤੋਂ ਰੋਹਨ ਸਚਦੇਵਾ, ਰਿਤਵਿਕ ਮਲਹੋਤਰਾ, ਸਟਾਰਟਅੱਪ ਪੰਜਾਬ ਤੋਂ ਜੁਆਇੰਟ ਮੈਨੇਜਰ ਅਮਰਪਾਲ ਸਿੰਘ ਵਾਲੀਆ, ਵਨ ਡਿਸਟ੍ਰਿਕਟ ਵਨ ਪ੍ਰੋਜੈਕਟ (ਓਡੀਓਪੀ) ਤੋਂ ਜਾਇਤਾ ਘੋਸ਼, ਜਸਮੀਨ ਕੌਰ, ਪੇਟੀਐੱਮ ਤੋਂ ਐਡਵਾਈਜ਼ਰ ਸੌਰਵ ਜੈਨ, ਗਰੋਥ ਐਂਡ ਪਾਰਟਨਰਸ਼ਿਪ ਤੋਂ ਵਿਪੁਲ ਘਨੱਈਆ ਨੇ ਆਪੋ-ਆਪਣੇ ਅਦਾਰਿਆਂ ਸਬੰਧੀ ਪ੍ਰਾਰਥੀਆਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਣੂੰ ਕਰਵਾਇਆ। ਪਰਮਿੰਦਰ ਕੌਰ, ਸਾਬਕਾ ਡਿਪਟੀ ਡਾਇਰੈਕਟਰ, ਰੁਜ਼ਗਾਰ ਵਿਭਾਗ, ਪੰਜਾਬ ਨੇ ਵਿਦਿਆਰਥੀਆਂ ਨੂੰ ਨਵੇਂ ਸਵੈ-ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਰਿਟਾਇਰਡ ਪ੍ਰੋਫ਼ੈਸਰ ਬਲਵਿੰਦਰ ਸਿੰਘ ਦੌਲਤਪੁਰਾ ਸਰਕਾਰੀ ਪੌਲੀਟੈਕਨਿਕ ਕਾਲਜ ਰੋਡੇ ਵੱਲੋਂ ਪ੍ਰਾਰਥੀਆਂ ਨੂੰ ਨਵੇਂ-ਨਵੇਂ ਉੱਦਮਾਂ ਰਾਹੀਂ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਸਬੰਧੀ ਹੱਲਾਸ਼ੇਰੀ ਦਿੱਤੀ। ਇਸ ਵਰਕਸ਼ਾਪ ’ਚ ਸੁਖਮਿੰਦਰ ਸਿੰਘ ਰੇਖੀ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਨੇ ਜ਼ਿਲ੍ਹਾ ਮੋਗਾ ਦੇ ਲੋਕਲ ਕਾਰੀਗਰਾਂ ਵੱਲੋਂ ਕੀਤੇ ਜਾ ਰਹੇ ਕਿੱਤੇ ਜਿਵੇਂ ਪੰਜਾਬ ਜੁੱਤੀ, ਫੁਲਕਾਰੀ, ਟੈਰਾਕੋਟਾ ਅਤੇ ਹੋਰ ਰਵਾਇਤੀ ਕਿੱਤਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦੇ ਵਿਚ ਅੰਤ ਵਿਚ ਡਿੰਪਲ ਥਾਪਰ ਜ਼ਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮੋਗਾ ਵੱਲੋਂ ਆਏ ਗਏ ਮਹਿਮਾਨਾਂ ਅਤੇ ਪ੍ਰਾਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਈਐੱਸਐੱਫ਼ ਕਾਲਜ ਆਫ ਫਾਰਮੇਸੀ ਘੱਲ ਕਲਾਂ ਅਤੇ ਸਮੂਹ ਸਟਾਫ਼ ਵੱਲੋਂ ਸ਼ਲਾਘਾਯੋਗ ਯਤਨ ਕੀਤੇ ਗਏ। ਇਸ ਮੌਕੇ ਮੁੱਖ ਪ੍ਰਬੰਧਕਾਂ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ।