ਮਨੋਰੋਗ ਵਿਭਾਗ ਨੇ ਕਾਨਫਰੰਸ ਕਰਵਾਈ
ਪਾਜ਼ੀਟਿਵ ਮੈਨਟਲ ਹੈਲਥ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਤਕਨੀਕੀ ਸਾਧਨਾਂ ਦਾ ਇਸਤੇਮਾਲ ਕਰਨਾ ਸਮੇਂ ਦੀ ਲੋੜ: ਵਾਈਸ ਚਾਂਸਲਰ
Publish Date: Mon, 20 Apr 2026 04:54 PM (IST)
Updated Date: Tue, 21 Apr 2026 04:03 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੇ ਮਨੋਰੋਗ ਵਿਭਾਗ ਵੱਲੋਂ ਇੱਕ ਦਿਨ ਦੀ ਵਿਗਿਆਨਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਮੁੱਖ ਉਦੇਸ਼ ਟੈਕਨੋਲੋਜੀ, ਟੈਲੀ-ਸਾਈਕੈਟਰੀ ਅਤੇ ਪਾਜ਼ੀਟਿਵ ਮੈਨਟਲ ਹੈਲਥ ਬਾਰੇ ਲੋਕਾਂ ਅਤੇ ਮੈਡੀਕਲ ਪ੍ਰੋਫੈਸ਼ਨਲਜ਼ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ‘ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਟੈਲੀ-ਸਾਈਕੈਟਰੀ ਅਤੇ ਆਧੁਨਿਕ ਟੈਕਨੋਲੋਜੀ ਦੀ ਮਨੋਰੋਗ ਇਲਾਜ ਵਿੱਚ ਵਧ ਰਹੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਜ਼ੀਟਿਵ ਮੈਨਟਲ ਹੈਲਥ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਤਕਨੀਕੀ ਸਾਧਨਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਸਮੇਂ ਦੀ ਲੋੜ ਹੈ ਅਤੇ ਡਾਕਟਰਾਂ ਨੂੰ ਇਸ ਦਿਸ਼ਾ ਵਿੱਚ ਅੱਗੇ ਆਉਣਾ ਚਾਹੀਦਾ ਹੈ। ਕਾਨਫਰੰਸ ਦੇ ਆਯੋਜਨ ਬਾਰੇ ਜਾਣਕਾਰੀ ਦਿੰਦਿਆਂ ਮਨੋਰੋਗ ਵਿਭਾਗ ਦੇ ਪ੍ਰੋਫੈਸਰ ਅਤੇ ਮੁੱਖੀ ਡਾ. ਪੀ. ਪੀ. ਬਾਂਸਲ ਨੇ ਦੱਸਿਆ ਕਿ “ਅੱਜ ਦੇ ਡਿਜੀਟਲ ਯੁੱਗ ਵਿੱਚ ਟੈਲੀ-ਸਾਈਕੈਟਰੀ ਅਤੇ ਆਧੁਨਿਕ ਟੈਕਨੋਲੋਜੀ ਮਨੋਰੋਗ ਸੇਵਾਵਾਂ ਨੂੰ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਕਾਨਫਰੰਸ ਦਾ ਉਦੇਸ਼ ਡਾਕਟਰਾਂ ਨੂੰ ਨਵੀਂ ਤਕਨੀਕਾਂ ਨਾਲ ਅਪਡੇਟ ਕਰਨਾ ਅਤੇ ਪਾਜ਼ੀਟਿਵ ਮੈਨਟਲ ਹੈਲਥ ਨੂੰ ਪ੍ਰੋਤਸਾਹਿਤ ਕਰਨਾ ਹੈ। ਸਾਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੇ ਵਿਗਿਆਨਕ ਮੰਚ ਡਾਕਟਰਾਂ ਨੂੰ ਆਪਣੀ ਕਲਿਨਿਕਲ ਪ੍ਰੈਕਟਿਸ ਵਿੱਚ ਨਵੀਆਂ ਸੋਚਾਂ ਅਤੇ ਤਰੀਕਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਗੇ।” ਕਾਨਫਰੰਸ ਵਿੱਚ ਡੀਨ ਕਾਲਜਜ਼ ਡਾ. ਦੀਪਕ ਜੇ. ਭੱਟੀ, ਪ੍ਰਿੰਸੀਪਲ ਡਾ. ਰਾਜੀਵ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਨੀਤੂ ਕੁੱਕੜ ਅਤੇ ਡਾ. ਸੀਮਾ ਗਰੋਵਰ ਭੱਟੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਲਗਭਗ 150 ਡਾਕਟਰਾਂ ਨੇ ਇਸ ਕਾਨਫਰੰਸ ਵਿੱਚ ਭਾਗ ਲਿਆ ਅਤੇ ਮਨੋਰੋਗ ਖੇਤਰ ਨਾਲ ਸੰਬੰਧਿਤ ਨਵੀਆਂ ਤਕਨੀਕਾਂ ਅਤੇ ਇਲਾਜ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਕਾਨਫਰੰਸ ਡਾਕਟਰਾਂ ਲਈ ਗਿਆਨ ਸਾਂਝਾ ਕਰਨ ਅਤੇ ਮਨੋਰੋਗ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਈ।