ਪਰਵਾਸੀ ਪੰਛੀਆਂ ਦੀ ਸੰਭਾਲ ਕਰਨਾ ਜ਼ਰੂਰੀ : ਕੰਬੋਜ
ਹਰ ਸਾਲ 9 ਮਈ ਨੂੰ ਮਨਾਇਆ
Publish Date: Sun, 10 May 2026 03:24 PM (IST)
Updated Date: Mon, 11 May 2026 04:00 AM (IST)
ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ : ਹਰ ਸਾਲ 9 ਮਈ ਨੂੰ0 ਮਨਾਇਆ ਜਾਣ ਵਾਲਾ “ਵਿਸ਼ਵ ਪਰਵਾਸੀ ਪੰਛੀ ਦਿਵਸ ਲੋਕਾਂ ਨੂੰ ਕੁਦਰਤ, ਵਾਤਾਵਰਣ ਅਤੇ ਜੀਵ-ਜੰਤੂਆਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਹ ਵਿਚਾਰ ਸਰਕਾਰੀ ਹਾਈ ਸਕੂਲ ਦੌਲੇਵਾਲਾ ਮਾਇਰ ਦੇ ਇੰਚਾਰਜ ਰਮਨਦੀਪ ਕੰਬੋਜ ਨੇ ਪੰਜਾਬੀ ਜਾਗਰਣ ਦੇ ਪ੍ਰਤੀਨਿਧ ਨਾਲ ਮੁਲਾਕਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਰਵਾਸੀ ਪੰਛੀ ਪ੍ਰਕਿਰਤੀ ਦਾ ਅਹਿਮ ਹਿੱਸਾ ਹਨ ਜੋ ਮੌਸਮ ਦੇ ਬਦਲਾਅ ਅਨੁਸਾਰ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਦੇ ਹਨ। ਇਹ ਪੰਛੀ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜੰਗਲਾਂ ਦੀ ਕਟਾਈ, ਪ੍ਰਦੂਸ਼ਣ, ਰਸਾਇਣਕ ਦਵਾਈਆਂ ਦੀ ਅਤਿ ਵਰਤੋਂ ਅਤੇ ਪਾਣੀ ਦੇ ਸਰੋਤਾਂ ਦੇ ਘਟਣ ਕਾਰਨ ਪਰਵਾਸੀ ਪੰਛੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਮੈਡਮ ਕੰਬੋਜ ਨੇ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਪਾਣੀ ਦੇ ਛੋਟੇ ਭਾਂਡੇ ਰੱਖਣੇ ਚਾਹੀਦੇ ਹਨ ਅਤੇ ਰੁੱਖ ਲਗਾ ਕੇ ਪੰਛੀਆਂ ਲਈ ਸੁਰੱਖਿਅਤ ਵਾਤਾਵਰਣ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਛੀਆਂ ਦੀ ਸੰਭਾਲ ਅਤੇ ਵਾਤਾਵਰਣ ਬਚਾਉਣ ਲਈ ਅੱਗੇ ਆਉਣ।