ਨਿਮੋਨੀਏ ਤੋਂ ਬਚਾਅ ਲਈ ਰੱਖੋ ਖਾਸ ਧਿਆਨ : ਡਾ. ਵਰਿੰਦਰ ਕੁਮਾਰ
ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਮੈਡੀਕਲ ਅਫ਼ਸਰ ਡਾ. ਵਰਿੰਦਰ ਕੁਮਾਰ (ਐੱਮਡੀ ਮੈਡੀਸਨ) ਨੇ ਨਿਮੋਨੀਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਵਿਸ਼ਵ ਭਰ ਵਿਚ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਮੌਤਾਂ ਦਾ ਵੱਡਾ ਕਾਰਨ ਨਿਮੋਨੀਆ ਹੈ। ਇਨ੍ਹਾਂ ਮੌਤਾਂ ਨੂੰ ਘਟਾਉਣ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਮੋਨੀਏ ਦੀ ਜਾਗਰੂਕਤਾ ਸਬੰਧੀ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਿਮੋਨੀਆ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕੇ।
Publish Date: Sat, 18 Nov 2023 05:14 PM (IST)
Updated Date: Sat, 18 Nov 2023 05:14 PM (IST)

ਭੋਲਾ ਸ਼ਰਮਾ, ਜੈਤੋ : ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਮੈਡੀਕਲ ਅਫ਼ਸਰ ਡਾ. ਵਰਿੰਦਰ ਕੁਮਾਰ (ਐੱਮਡੀ ਮੈਡੀਸਨ) ਨੇ ਨਿਮੋਨੀਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਵਿਸ਼ਵ ਭਰ ਵਿਚ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਮੌਤਾਂ ਦਾ ਵੱਡਾ ਕਾਰਨ ਨਿਮੋਨੀਆ ਹੈ। ਇਨ੍ਹਾਂ ਮੌਤਾਂ ਨੂੰ ਘਟਾਉਣ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਮੋਨੀਏ ਦੀ ਜਾਗਰੂਕਤਾ ਸਬੰਧੀ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਿਮੋਨੀਆ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕੇ। ਇਸ ਮੌਕੇ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਨਿਮੋਨੀਆ ਦੇ ਮੁੱਖ ਕਾਰਨ ਮੌਸਮ ਵਿਚ ਤਬਦੀਲੀ, ਹਵਾ ਪ੍ਰਦੂਸ਼ਣ, ਤੰਬਾਕੂਨੋਸ਼ੀ ਅਤੇ ਖਾਣ-ਪੀਣ ਦੇ ਗਲਤ ਤਰੀਕੇ ਹਨ। ਉਨ੍ਹਾਂ ਕਿਹਾ ਕਿ ਨਿਮੋਨੀਆ ਇਕ ਗੰਭੀਰ ਬਿਮਾਰੀ ਹੈ, ਇਸ ਲਈ ਘਰੇਲੂ ਇਲਾਜ ਵਿਚ ਸਮਾਂ ਨਾ ਗਵਾਇਆ ਜਾਵੇ ਅਤੇ ਇਸ ਦੇ ਲੱਛਣ ਪਛਾਣ ਕੇ ਮਰੀਜ਼ ਨੂੰ ਤੁਰੰਤ ਮਾਹਿਰ ਡਾਕਟਰ ਤੋਂ ਇਲਾਜ ਕਰਵਾਇਆ ਜਾਵੇ। ਜ਼ੁਕਾਮ, ਖਾਂਸੀ ਦਾ ਨਾਲ ਪੀਲੇ ਰੰਗ ਦੀ ਜਾਂ ਹਰੇ ਰੰਗ ਦੀ ਬਲਗਮ ਆ ਰਹੀ ਹੋਵੇ, ਬੁਖ਼ਾਰ ਦੇ ਨਾਲ ਠੰਢ ਲੱਗਦੀ ਹੋਵੇ ਤਾਂ ਇਹ ਨਿਮੋਨੀਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੈਕਟੀਰੀਆ, ਵਾਇਰਸ, ਛੂਤ ਤੇ ਕਟਾਣੂ ਅਤੇ ਹੋਰ ਕਈ ਰਸਾਇਣ ਨਿਮੋਨੀਆ ਦਾ ਕਾਰਨ ਬਣਦੇ ਹਨ। ਸਿਗਰਟਨੋਸ਼ੀ ਨਹੀਂ ਕਰਨੀ ਚਾਹੀਦੀ, ਨਿਮੋਨੀਏ ਵਾਲੇ ਮਰੀਜ਼ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜਾਂ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ, ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਚਾਹੀਦਾ ਹੈ ਤਾਂ ਜੋ ਬੈਕਟੀਰੀਆ ਨੂੰ ਰੋਕਣ ਵਿਚ ਮਦਦ ਮਿਲ ਸਕੇ। ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਮਾਂ ਦਾ ਪਹਿਲਾ ਗਾੜਾ ਦੁੱਧ ਜ਼ਰੂਰ ਪਿਆਉਣਾ ਚਾਹੀਦਾ ਹੈ ਅਤੇ ਛੇ ਮਹੀਨੇ ਤਕ ਸਿਰਫ਼ ਮਾਂ ਦਾ ਦੁੱਧ ਪਿਆਉਣਾ ਚਾਹੀਦਾ ਹੈ, ਸਰਦੀਆਂ ਵਿਚ ਬੱਚਿਆਂ ਨੂੰ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ, ਘਰਾਂ ਤੋਂ ਬਾਹਰ ਖੁੱਲ੍ਹੀ ਹਵਾ ਵਿਚ ਨਾ ਲੈ ਕੇ ਜਾਓ ਅਤੇ ਬੱਚਿਆਂ ਨੂੰ ਜ਼ਮੀਨ 'ਤੇ ਨੰਗੇ ਪੈਰ ਨਾ ਤੁਰਨ ਦਿਓ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਸਮੇਂ ਸਿਰ ਅਤੇ ਸੰਪੂਰਨ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ।