ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਅਚਨਚੇਤ ਚੈਕਿੰਗ
ਸਿਹਤ ਵਿਭਾਗ ਮੋਗਾ ਦੀ ਫੂਡ ਸੇਫਟੀ ਟੀਮ
Publish Date: Wed, 20 May 2026 03:41 PM (IST)
Updated Date: Thu, 21 May 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਸਿਹਤ ਵਿਭਾਗ ਮੋਗਾ ਦੀ ਫੂਡ ਸੇਫਟੀ ਟੀਮ ਨੂੰ ਬਲਾਕ ਕੋਟ ਈਸੇ ਖਾਂ ਵਿਚ ਪ੍ਰਪਾਤ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਵਿਭਾਗ ਮੋਗਾ ਵੱਲੋਂ ਗਲੋਟੀ ਰੋਡ ਕੋਟ ਇਸੇ ਖਾਂ ਵਿਖੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਹ ਕਾਰਵਾਈ ਡਾ. ਅਸ਼ੋਕ ਸਿੰਗਲਾ ਸਿਵਲ ਸਰਜਨ ਮੋਗਾ ਦੇ ਹੁਕਮਾਂ ਅਨੁਸਾਰ ਅਤੇ ਡਾ. ਸੰਦੀਪ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ। ਚੈਕਿੰਗ ਦੌਰਾਨ ਫੂਡ ਸੇਫਟੀ ਟੀਮ ਵੱਲੋਂ ਇਕ ਡੇਅਰੀ ਵਿਚ ਵਰਤੇ ਅਤੇ ਵੇਚੇ ਜਾ ਰਹੇ ਖਾਣ-ਪੀਣ ਵਾਲੇ ਪਦਾਰਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਟੀਮ ਨੇ ਮੌਕੇ ਦੁੱਧ ਅਤੇ ਦਹੀਂ ਦੇ ਸੈਂਪਲ ਇਕੱਠੇ ਕੀਤੇ। ਇਸ ਤੋਂ ਬਾਅਦ ਡੈਅਰੀ ਨਾਲ ਸਬੰਧਤ ਵਰਕਸ਼ਾਪ/ਉਤਪਾਦਨ ਇਕਾਈ ਦੀ ਵੀ ਜਾਂਚ ਕੀਤੀ ਗਈ, ਜਿੱਥੋਂ ਮੱਖਣ ਦਾ ਇਕ ਹੋਰ ਸੈਂਪਲ ਲਿਆ ਗਿਆ। ਫੂਡ ਸੇਫਟੀ ਅਧਿਕਾਰੀਆਂ ਯੋਗੇਸ਼ ਗੋਇਲ ਅਤੇ ਲਵਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਲਏ ਗਏ ਸਾਰੇ ਸੈਂਪਲ ਤੁਰੰਤ ਜਾਂਚ ਲਈ ਸਰਕਾਰੀ ਲੈਬੋਰਟਰੀ ਵਿਚ ਭੇਜ ਦਿੱਤੇ ਗਏ ਹਨ। ਲੈਬੋਰਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਜੇਕਰ ਖ਼ਾਦ ਪਦਾਰਥ ਮਿਆਰਾਂ ਅਨੁਸਾਰ ਨਾ ਪਾਏ ਗਏ ਤਾਂ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਚੈਕਿੰਗ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਬੰਧਤ ਡੈਅਰੀ ਬਿਨ੍ਹਾਂ ਫੂਡ ਸੇਫ਼ਟੀ ਲਾਇਸੈਂਸ/ਰਜਿਸਟ੍ਰੇਸ਼ਨ ਤੋਂ ਆਪਣਾ ਕਾਰੋਬਾਰ ਚਲਾ ਰਹੀ ਸੀ, ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਇਸ ਸਬੰਧੀ ਵਿਭਾਗ ਵੱਲੋਂ ਸਬੰਧਤ ਅਦਾਲਤ ਵਿਚ ਕੇਸ ਦਰਜ ਕਰਨ ਦੀ ਕਾਰਵਾਈ ਵੀ ਕੀਤੀ ਗਈ ਹੈ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਫੂਡ ਸੇਫਟੀ ਵਿਭਾਗ ਵੱਲੋਂ ਦੁੱਧ, ਦੁੱਧ ਉਤਪਾਦਾਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਚੈਕਿੰਗ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਖਾਣ-ਪੀਣ ਵਾਲੀ ਵਸਤੂ ਦੀ ਗੁਣਵੱਤਾ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਤੁਰੰਤ ਫੂਡ ਸੇਫਟੀ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।