ਦੀਪਕ ਜੈਤੋਈ ਮੰਚ ਜੈਤੋ ਦੇ ਸੁਰਿੰਦਰਪਾਲ ਸਿੰਘ ਝੱਖੜਵਾਲਾ ਬਣੇ ਪ੍ਰਧਾਨ
ਇਲਾਕੇ ਦੀ ਪ੍ਰਸਿੱਧ ਅਤੇ ਸਰਗਰਮ
Publish Date: Tue, 12 May 2026 04:37 PM (IST)
Updated Date: Tue, 12 May 2026 04:39 PM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ ਜੈਤੋ: ਇਲਾਕੇ ਦੀ ਪ੍ਰਸਿੱਧ ਅਤੇ ਸਰਗਰਮ ਸਾਹਿਤਕ ਸੰਸਥਾ ‘ਦੀਪਕ ਜੈਤੋਈ ਮੰਚ’ (ਰਜਿ:) ਜੈਤੋ ਦੀ ਸਾਲਾਨਾ ਚੋਣ ਬੈਠਕ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਉਤਸ਼ਾਹਪੂਰਵਕ ਮਾਹੌਲ ਵਿਚ ਸੰਪੰਨ ਹੋਈ। ਬੈਠਕ ਦੌਰਾਨ ਮੰਚ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਤਹਿਤ ਪ੍ਰਸਿੱਧ ਸਾਹਿਤਕਾਰ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੂੰ ਮੰਚ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਚੋਣ ਉਪਰੰਤ ਮੰਚ ਦੀ ਨਵੀਂ ਟੀਮ ਦੇ ਗਠਨ ਲਈ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੂੰ ਅਧਿਕਾਰ ਸੌਂਪੇ ਗਏ। ਇਸ ਮੌਕੇ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਪ੍ਰੋਫ਼ੈਸਰ ਤਰਸੇਮ ਨਰੂਲਾ ਨੂੰ ਸਰਪ੍ਰਸਤ, ਸੁੰਦਰ ਸਿੰਘ ਬਾਜਾਖਾਨਾ ਨੂੰ ਜਨਰਲ ਸਕੱਤਰ, ਅੰਗਰੇਜ ਸਿੰਘ ਨੂੰ ਵਿੱਤ ਸਕੱਤਰ ਅਤੇ ਮੇਲਾ ਰਾਮ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ। ਉਨ੍ਹਾਂ ਦੱਸਿਆ ਕਿ ਬਾਕੀ ਕਾਰਜਕਾਰਨੀ ਦਾ ਗਠਨ ਵੀ ਜਲਦ ਹੀ ਸਹਿਯੋਗੀਆਂ ਦੀ ਸਲਾਹ ਨਾਲ ਕੀਤਾ ਜਾਵੇਗਾ। ਇਸ ਮੌਕੇ ਬੈਠਕ ਦੀ ਪ੍ਰਧਾਨਗੀ ਸੁਰਿੰਦਰਪਾਲ ਸਿੰਘ ਝੱਖੜਵਾਲਾ, ਕੁਲਵੀਰ ਸਿੰਘ ਸੰਧੂ ਅਤੇ ਰਜਨੀਸ਼ ਪਤੰਗਾ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਹੋਈ ਸਾਹਿਤਕ ਮਹਿਫ਼ਲ ਵਿਚ ਰਾਜਵੀਰ ਮੱਤਾ, ਸੱਤਾ ਮੱਤਾ, ਮਲਕੀਤ ਕਿੱਟੀ, ਬਲਦੇਵ ਕ੍ਰਿਸ਼ਨ, ਮੇਲਾ ਰਾਮ, ਜਰਨੈਲ ਸਿੰਘ ਜ਼ਖ਼ਮੀ, ਈਸ਼ਰ ਸਿੰਘ ਲੰਭਵਾਲੀ, ਜਸਵੀਰ ਸਿੰਘ ਰਾਮੂੰਵਾਲਾ ਅਤੇ ਰਜਨੀਸ਼ ਪਤੰਗਾ ਨੇ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਕੁਲਵੀਰ ਸਿੰਘ ਸੰਧੂ ਨੇ ਕਹਾਣੀ ਸੁਣਾਈ, ਜਦਕਿ ਯਸ਼ਪਾਲ ਚਿੱਤਰਕਾਰ, ਮੁਕੰਦ ਸਿੰਘ ਸਰਾਵਾਂ ਅਤੇ ਸੁੰਦਰ ਸਿੰਘ ਬਾਜਾਖਾਨਾ ਨੇ ਸਾਹਿਤ ਅਤੇ ਸਮਾਜ ਨਾਲ ਸਬੰਧਤ ਵਿਚਾਰ ਪੇਸ਼ ਕੀਤੇ। ਨਵੇਂ ਚੁਣੇ ਗਏ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਮੰਚ ਦੇ ਸਮੂਹ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਦੀਪਕ ਜੈਤੋਈ ਮੰਚ ਦੀਆਂ ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਹੋਰ ਵਿਸਥਾਰ ਅਤੇ ਮਜ਼ਬੂਤੀ ਦੇਣ ਲਈ ਮਿਲਜੁਲ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਸਾਹਿਤ ਪ੍ਰੇਮੀਆਂ ਨੂੰ ਮੰਚ ਨਾਲ ਜੁੜ ਕੇ ਪੰਜਾਬੀ ਸਾਹਿਤ ਦੀ ਸੇਵਾ ਕਰਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਮੰਚ ਦਾ ਸੰਚਾਲਨ ਉੱਘੇ ਰੇਡੀਓ ਐਂਕਰ, ਸੀਨੀਅਰ ਪੱਤਰਕਾਰ ਤੇ ਪ੍ਰਸਿੱਧ ਲੇਖਕ ਹਰਮੇਲ ਪਰੀਤ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ।