ਸਰਕਾਰੀ ਹਸਪਤਾਲਾਂ ’ਚ ਹੈਪਾਟਾਈਟਸ ਦਾ ਇਲਾਜ ਮੁਫਤ
ਸਿਵਲ ਸਰਜਨ ਫਰੀਦਕੋਟ ਵੱਲੋਂ ਹੈਪਾਟਾਈਟਸ ਜਾਗਰੂਕਤਾ ਪੋਸਟਰ ਜਾਰੀ
Publish Date: Thu, 21 May 2026 05:37 PM (IST)
Updated Date: Fri, 22 May 2026 04:08 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਪੰਜਾਬ ਵਿੱਚ ਭਿਆਨਕ ਗਰਮੀ ਦੇ ਸ਼ੁਰੂ ਹੋਣ ਅਤੇ ਆਉਣ ਵਾਲੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਫਰੀਦਕੋਟ ਵੱਲੋਂ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਕਮਰ ਕੱਸ ਲਈ ਗਈ ਹੈ। ਇਸੇ ਲੜੀ ਤਹਿਤ ਅੱਜ ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਵੱਲੋਂ ਦੂਸ਼ਿਤ ਪਾਣੀ ਅਤੇ ਹੋਰ ਕਾਰਨਾਂ ਕਰਕੇ ਫੈਲਣ ਵਾਲੇ ਹੈਪਾਟਾਈਟਸ (ਪੀਲੀਆ) ਦੀ ਆਗਾਊਂ ਜਾਗਰੂਕਤਾ ਸਬੰਧੀ ਇੱਕ ਵਿਸ਼ੇਸ਼ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ, ਹੈਪਾਟਾਈਟਸ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਦੀਪਤੀ ਅਰੋੜਾ, ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਕੁਮਾਰ ਧੀਰ, ਡਿਪਟੀ ਮਾਸ ਮੀਡੀਆ ਅਫ਼ਸਰ ਲਖਵਿੰਦਰ ਕੈਂਥ, ਡਿਪਟੀ ਮਾਸ ਮੀਡੀਆ ਅਫ਼ਸਰ ਡਾ. ਪ੍ਰਭਦੀਪ ਸਿੰਘ ਚਾਵਲਾ ਅਤੇ ਸੀਨੀਅਰ ਫਾਰਮੇਸੀ ਅਫ਼ਸਰ ਸੁਨੀਲ ਸਿੰਗਲਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਪੋਸਟਰ ਜਾਰੀ ਕਰਦਿਆਂ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਦੱਸਿਆ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਡੇਂਗੂ ਦੇ ਨਾਲ-ਨਾਲ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਹੈਪਾਟਾਈਟਸ-ਏ ਅਤੇ ਈ ਦੇ ਕੇਸ ਵਧਣ ਦਾ ਖ਼ਤਰਾ ਬਹੁਤ ਜ਼ਿਆਦਾ ਰਹਿੰਦਾ ਹੈ। ਉਨ੍ਹਾਂ ਬਿਮਾਰੀ ਦੇ ਮੁੱਖ ਕਾਰਨਾਂ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਹੈਪਾਟਾਈਟਸ ਜਿਗਰ (ਲੀਵਰ) ਦੀ ਸੋਜਸ਼ ਵਾਲੀ ਇੱਕ ਗੰਭੀਰ ਬਿਮਾਰੀ ਹੈ, ਜੋ ਵੱਖ-ਵੱਖ ਵਾਇਰਸਾਂ ਦੇ ਕਾਰਨ ਹੁੰਦੀ ਹੈ। ਇਸ ਵਿੱਚ ਹੈਪਾਟਾਈਟਸ ਏ ਅਤੇ ਈ ਮੁੱਖ ਤੌਰ ਤੇ ਦੂਸ਼ਿਤ ਪਾਣੀ ਪੀਣ, ਮੱਖੀਆਂ ਦੁਆਰਾ ਦੂਸ਼ਿਤ ਕੀਤਾ ਖਾਣਾ ਖਾਣ, ਖੁੱਲ੍ਹੇ ਵਿੱਚ ਵਿਕ ਰਹੇ ਕੱਟੇ ਹੋਏ ਫਲਾਂ ਅਤੇ ਬਾਜ਼ਾਰੂ ਖਾਣੇ ਦੀ ਵਰਤੋਂ ਕਾਰਨ ਫੈਲਦਾ ਹੈ, ਜਦਕਿ ਹੈਪਾਟਾਈਟਸ ਬੀ ਅਤੇ ਸੀ ਖ਼ਰਾਬ ਜਾਂ ਸੰਕਰਮਿਤ ਖੂਨ ਚੜ੍ਹਾਉਣ, ਇੱਕ ਵਾਰ ਵਰਤੀ ਗਈ ਸਰਿੰਜ ਦੀ ਦੁਬਾਰਾ ਵਰਤੋਂ ਕਰਨ, ਸੰਕਰਮਿਤ ਸੂਈ ਨਾਲ ਟੈਟੂ ਬਣਵਾਉਣ ਜਾਂ ਅਸੁਰੱਖਿਅਤ ਸਰੀਰਕ ਸਬੰਧਾਂ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਾਵਧਾਨੀ ਵਰਤੀ ਜਾਵੇ ਤਾਂ ਇਸ ਖ਼ਤਰਨਾਕ ਬਿਮਾਰੀ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਬਿਮਾਰੀ ਤੋਂ ਬਚਾਅ ਦੇ ਉਪਾਵਾਂ ਬਾਰੇ ਗੱਲ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸਮੂਹ ਜਨਤਾ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਉਬਾਲਿਆ ਹੋਇਆ ਜਾਂ ਕਲੋਰੀਨ ਯੁਕਤ ਸਾਫ਼ ਪਾਣੀ ਹੀ ਪੀਣ। ਖਾਣਾ ਖਾਣ ਤੋਂ ਪਹਿਲਾਂ ਅਤੇ ਬਾਥਰੂਮ ਜਾਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣ ਦੀ ਆਦਤ ਪਾਈ ਜਾਵੇ ਅਤੇ ਖੁੱਲ੍ਹੇ, ਕੱਟੇ ਹੋਏ ਜਾਂ ਬਾਸੀ ਖਾਣੇ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ ਜਾਵੇ। ਮੈਡੀਕਲ ਪ੍ਰਕਿਰਿਆਵਾਂ ਦੌਰਾਨ ਹਸਪਤਾਲ ਜਾਂ ਲੈਬ ਵਿੱਚ ਹਮੇਸ਼ਾ ਨਵੀਂ ਅਤੇ ਡਿਸਪੋਜ਼ੇਬਲ ਸਰਿੰਜ ਦੀ ਵਰਤੋਂ ਯਕੀਨੀ ਬਣਾਈ ਜਾਵੇ ਅਤੇ ਨਾਈ ਦੀ ਦੁਕਾਨ ਤੇ ਹਮੇਸ਼ਾ ਨਵਾਂ ਬਲੇਡ ਵਰਤਣ ਲਈ ਕਿਹਾ ਜਾਵੇ। ਇਸ ਦੇ ਨਾਲ ਹੀ ਬੱਚਿਆਂ ਦਾ ਹੈਪਾਟਾਈਟਸ-ਬੀ ਦਾ ਟੀਕਾਕਰਨ ਸਮੇਂ ਸਿਰ ਲਾਜ਼ਮੀ ਕਰਵਾਇਆ ਜਾਵੇ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਦੀਪਤੀ ਅਰੋੜਾ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਵਾਇਰਲ ਹੈਪਾਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਸਾਰੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਹੈਪਾਟਾਈਟਸ-ਬੀ ਅਤੇ ਸੀ ਦੇ ਟੈਸਟ, ਜਿਵੇਂ ਕਿ ਵਾਇਰਲ ਲੋਡ ਟੈਸਟ, ਅਤੇ ਇਸ ਦੀਆਂ ਮਹਿੰਗੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਅਣਅਧਿਕਾਰਤ ਵਿਅਕਤੀ ਜਾਂ ਦੇਸੀ-ਘਰੇਲੂ ਟੋਟਕਿਆਂ ਦੇ ਚੱਕਰ ਵਿੱਚ ਪੈ ਕੇ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰਨ ਅਤੇ ਕੋਈ ਵੀ ਲੱਛਣ ਦਿਖਾਈ ਦੇਣ ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨ। ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ, ਸਕੂਲਾਂ ਅਤੇ ਜਨਤਕ ਥਾਵਾਂ ਤੇ ਵਿਸ਼ੇਸ਼ ਸੈਮੀਨਾਰ ਅਤੇ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਜਾਣਗੀਆਂ ਤਾਂ ਜੋ ਹਰ ਨਾਗਰਿਕ ਤੱਕ ਇਸ ਦਾ ਸਿਹਤ ਸੰਦੇਸ਼ ਪਹੁੰਚਾਇਆ ਜਾ ਸਕੇ।