ਸਿਰਫ਼ ਸ਼ੋ੍ਮਣੀ ਅਕਾਲੀ ਦਲ ਹੀ ਪੰਜਾਬ ਨੂੰ ਵਿਕਾਸ ਤੇ ਖ਼ੁਸ਼ਹਾਲੀ ਦੇ ਰਾਹ ਤੋਰ ਸਕਦਾ : ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਨੇ ਨਗਰ ਨਿਗਮ ਚੋਣਾਂ ’ਚ ਲੋਕਾਂ ਨੂੰ ਅਕਾਲੀ ਦਲ ਦਾ ਸਮਰਥਨ ਕਰਨ ਦੀ ਅਪੀਲ ਕੀਤੀ
Publish Date: Fri, 22 May 2026 06:52 PM (IST)
Updated Date: Fri, 22 May 2026 06:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਨਗਰ ਨਿਗਮ ਚੋਣਾਂ ’ਚ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਸਥਿਤ ਪਾਰਟੀਆਂ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਸਿਰਫ਼ ਸ਼ੋ੍ਮਣੀ ਅਕਾਲੀ ਦਲ ਹੀ ਪੰਜਾਬ ਨੂੰ ਮੁੜ ਤਰੱਕੀ ਅਤੇ ਖ਼ੁਸ਼ਹਾਲੀ ਦੇ ਯੁੱਗ ’ਚ ਵਾਪਸ ਲੈ ਕੇ ਜਾ ਸਕਦਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸਵਰਗੀ ਵਿਧਾਇਕ ਰਘਬੀਰ ਸਿੰਘ ਪ੍ਰਧਾਨ ਦੇ ਨਿਵਾਸ ਅਤੇ ਸ਼ਹਿਰ ਦੇ ਹੁਸਨਰ ਚੌਂਕ ਨੇੜੇ ਪਾਰਟੀ ਦਫ਼ਤਰ ਵਿਖੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਤੁਹਾਨੂੰ ਹਰ ਫਰੰਟ ’ਤੇ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਅਕਾਲੀ ਦਲ ਦੀ ਸਰਕਾਰ ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰ ਰਹੇ ਹਨ ਜਦੋਂ ਪੰਜਾਬ ’ਚ ਬੇਮਿਸਾਲ ਵਿਕਾਸ ਹੋਇਆ ਅਤੇ ਪੂਰਨ ਸ਼ਾਂਤੀ ਤੇ ਫ਼ਿਰਕੂ ਸਾਂਝ ਕਾਇਮ ਰਹੀ। ਅੱਜ ਸ਼ਹਿਰਾਂ ਵਿੱਚ ਲੋਕ ਦੇਖ ਰਹੇ ਹਨ ਕਿ ਕਿਵੇਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਬੁਨਿਆਦੀ ਢਾਂਚਾ ਤਬਾਹ ਹੋ ਰਿਹਾ ਹੈ। ਅਕਾਲੀ ਦਲ ਦੇ ਕਾਰਜਕਾਲ ਦੌਰਾਨ ਬਣਾਈਆਂ ਸੜਕਾਂ, ਸੀਵਰੇਜ ਅਤੇ ਬਿਜਲੀ ਸਹੂਲਤਾਂ ਨੂੰ ਵਧਾਉਣ ਲਈ ਕੁਝ ਨਹੀਂ ਕੀਤਾ ਗਿਆ, ਸਗੋਂ ਇਨ੍ਹਾਂ ਸਹੂਲਤਾਂ ਦੀ ਸਾਂਭ-ਸੰਭਾਲ ਵੀ ਨਹੀਂ ਕੀਤੀ ਜਾ ਰਹੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਪੂਰੀ ਤਰ੍ਹਾਂ ਅਰਾਜਕਤਾ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਖੋਹ-ਖਿੰਝ, ਲੁੱਟ-ਖੋਹ ਅਤੇ ਫਿਰੌਤੀਆਂ ਆਮ ਗੱਲ ਹੋ ਗਈ ਹੈ। ਅਜਿਹੇ ਵਿੱਚ ਇਹ ਆਮ ਸਹਿਮਤੀ ਬਣ ਰਹੀ ਹੈ ਕਿ ਕੇਵਲ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਹੀ ਪੰਜਾਬੀਆਂ ਦੀਆਂ ਉਮੀਦਾਂ ਤੇ ਖ਼ਰੀ ਉਤਰ ਸਕਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਆਗਾਮੀ ਪਾਰਲੀਮਾਨੀ ਚੋਣਾਂ ਲਈ ਮਾਹੌਲ ਤਿਆਰ ਕਰਨ ਵਾਸਤੇ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਨੂੰ ਜੇਤੂ ਬਣਾਇਆ ਜਾਵੇ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਨਾਲ ਕੀਤੇ ਜਾ ਰਹੇ ਮਾੜੇ ਵਿਵਹਾਰ ਤੇ ਪ੍ਰਤੀਕਿਰਿਆ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ, ਇਹ ਸਰਕਾਰ ਅਦਾਲਤਾਂ ਦੇ ਸਪੱਸ਼ਟ ਨਿਰਦੇਸ਼ਾਂ ਦੇ ਬਾਵਜੂਦ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤਾ (ਡੀਏ) ਜਾਰੀ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਕਰਮਚਾਰੀਆਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਚਾਹੇ ਉਹ ਡੀ.ਏ. ਦਾ ਬਕਾਇਆ ਹੋਵੇ ਜਾਂ ਪੁਰਾਣੀ ਪੈਨਸ਼ਨ ਸਕੀਮ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ, ਜਦਕਿ ਸਰਕਾਰ ਇਸ਼ਤਿਹਾਰਾਂ, ਪ੍ਰਚਾਰ ਹੱਥਕੰਡਿਆਂ ਅਤੇ ਅਰਵਿੰਦ ਕੇਜਰੀਵਾਲ ਦੀ ਐਸ਼ੋ-ਆਰਾਮ ਲਈ ਚਾਰਟਰਡ ਜਹਾਜ਼ਾਂ ਤੇ ਕਰੋੜਾਂ ਰੁਪਏ ਖ਼ਰਚ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਨਾ ਸਿਰਫ਼ ਸੂਬੇ ਵਿੱਚ ਤਨਖ਼ਾਹ ਕਮਿਸ਼ਨ ਸਥਾਪਿਤ ਕੀਤੇ ਸਗੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਵਿਚਾਰ ਕੇ ਉਨ੍ਹਾਂ ਨੂੰ ਲਾਗੂ ਵੀ ਕੀਤਾ। ਉਨ੍ਹਾਂ ਕਿਹਾ, ਸਾਡੀ ਸਰਕਾਰ ਨੇ ਯਕੀਨੀ ਬਣਾਇਆ ਸੀ ਕਿ ਸਾਡੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੇਸ਼ ਵਿੱਚ ਸਭ ਤੋਂ ਵੱਧ ਹੋਣ, ਪਰ ਅੱਜ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਨਵਤੇਜ ਸਿੰਘ ਕਾਉਣੀ, ਗੁਰਦਿਆਲ ਕੌਰ ਮੱਲਣ, ਐਡਵੋਕੇਟ ਗੁਰਪ੍ਰੀਤ ਸਿੰਘ ਮਾਨ, ਪਵਨਪ੍ਰੀਤ ਸਿੰਘ ਬਾਦਲ ਅਤੇ ਗੁਰਵਿੰਦਰ ਸਿੰਘ ਵਨਵਾਲਾ ਵੀ ਮੌਜੂਦ ਸਨ।