ਐਤਵਾਰ ਸਵੇਰੇ ਤੜ੍ਹਕੇਮੀਂਹ ਤੇ ਤੇਜ਼ ਹਵਾਵਾਂ ਕਾਰਨ ਫ਼ਸਲ ਦੀ ਹਾਲਤ ਬਿਆਨਦੀ ਫ਼ੋਟੋ।

ਵਾਢੀ ਲਈ ਤਿਆਰ ਖੜ੍ਹੀ ਕਣਕ ਦੀ ਫਸਲ ਦੇ ਨੁਕਸਾਨ ਦਾ ਖ਼ਦਸ਼ਾ
ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਐਤਵਾਰ ਸਵੇਰੇ ਤੜ੍ਹਕੇ ਮੋਗਾ ਜ਼ਿਲ੍ਹੇ ਵਿਚ ਮੌਸਮ ਨੇ ਅਚਾਨਕ ਕਰਵਟ ਬਦਲੀ। ਸਵੇਰ ਸਵੇਰੇ ਬੱਦਲਾਂ ਦੀ ਗੜਗੜਾਹਟ ਨਾਲ ਹਲਕਾ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਲੋਕਾਂ ਨੂੰ ਕੁੱਝ ਸਮੇਂ ਲਈ ਗਰਮੀ ਤੋਂ ਰਾਹਤ ਮਿਲੀ। ਇਸ ਦੇ ਨਾਲ ਹੀ ਦੁਪਹਿਰ ਕਰੀਬ 12 ਵਜੇ ਤੱਕ ਠੰਡੀ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹੀਆਂ, ਜਿਸ ਕਾਰਨ ਮੌਸਮ ਵਿਚ ਖਾਸੀ ਠੰਢਕ ਮਹਿਸੂਸ ਕੀਤੀ ਗਈ ਪਰ ਦੁਪਹਿਰ ਤੋਂ ਬਾਅਦ ਮੌਸਮ ਫ਼ਿਰ ਤਬਦੀਲ ਹੋ ਗਿਆ ਅਤੇ ਤਿੱਖੀ ਧੁੱਪ ਨਿਕਲ ਆਈ। ਦਿਨ ਭਰ ਧੁੱਪ ਅਤੇ ਬੱਦਲਾਂ ਵਿਚ ਲੁਕਣ-ਛਿਪਣ ਦਾ ਦੌਰ ਜਾਰੀ ਰਿਹਾ, ਜਿਸ ਨਾਲ ਮੌਸਮ ਕਦੇ ਠੰਢਾ ਅਤੇ ਕਦੇ ਗਰਮ ਮਹਿਸੂਸ ਹੁੰਦਾ ਰਿਹਾ। ਇਸ ਮੌਸਮ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਮੌਸਮੀ ਬਦਲਾਅ ਦਾ ਸਭ ਤੋਂ ਵੱਧ ਅਸਰ ਕਿਸਾਨਾਂ ’ਤੇ ਪਵੇਗਾ ਕਿਉਂਕਿ ਖੇਤਾਂ ਵਿਚ ਕਣਕ ਦੀ ਫ਼ਸਲ ਕੱਟਣ ਲਈ ਪੂਰੀ ਤਰ੍ਹਾਂ ਤਿਆਰ ਖੜ੍ਹੀ ਹੈ ਪਰ ਤੇਜ਼ ਹਵਾਵਾਂ ਕਾਰਨ ਫ਼ਸਲ ਖ਼ਰਾਬ ਹੋਣ ਦਾ ਡਰ ਬਣ ਸਕਦਾ ਹੈ। ਇਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ ਕਿਉਂਕਿ ਇਸ ਨਾਲ ਪੈਦਾਵਾਰ ’ਤੇ ਅਸਰ ਪੈ ਸਕਦਾ ਹੈ ਅਤੇ ਕੱਟਾਈ ਵਿਚ ਵੀ ਮੁਸ਼ਕਲਾਂ ਆ ਸਕਦੀਆਂ ਹਨ। ਪਿੰਡ ਦੁਸਾਂਝ ਦੇ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ‘ਹਾੜੀ ਦੀ ਫ਼ਸਲ ਪੂਰੀ ਤਰ੍ਹਾਂ ਤਿਆਰ ਖੜ੍ਹੀ ਸੀ ਪਰ ਜੇਕਰ ਅਚਾਨਕ ਆਈਆਂ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਈ ਏਕੜ ਕਣਕ ਦੀ ਫ਼ਸਲ ਜ਼ਿਆਦਾ ਖ਼ਰਾਬ ਨਾ ਹੋਵੇ ਤੇ ਕੱਟਾਈ ਕਰਨੀ ਵੀ ਔਖੀ ਹੋਵੇਗੀ ਅਤੇ ਨੁਕਸਾਨ ਦਾ ਡਰ ਵੀ ਬਣ ਗਿਆ ਹੈ।’ ਇਸੇ ਤਰ੍ਹਾਂ ਪਿੰਡ ਲੰਡੇਕੇ ਦੇ ਕਿਸਾਨ ਸੁਖਦੇਵ ਸਿੰਘ ਨੇ ਕਿਹਾ ਕਿ “ਸਾਡੇ ਲਈ ਇਹ ਸਮਾਂ ਬਹੁਤ ਅਹਿਮ ਹੁੰਦਾ ਹੈ ਕਿਉਂਕਿ ਸਾਲ ਭਰ ਦੀ ਮਿਹਨਤ ਦਾ ਨਤੀਜਾ ਹੁਣ ਮਿਲਣਾ ਹੁੰਦਾ ਹੈ ਪਰ ਮੌਸਮ ਦੇ ਇਸ ਤਬਦੀਲ ਰੁਖ਼ ਨੇ ਸਾਡੀਆਂ ਉਮੀਦਾਂ ’ਤੇ ਪਾਣੀ ਨਾ ਫੇਰ ਦੇਵੇ। ਪਿੰਡ ਭਿੰਡਰ ਕਲਾਂ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਨੇ “ਕਈ ਥਾਵਾਂ ’ਤੇ ਕਣਕ ਜ਼ਮੀਨ ਨਾਲ ਲੱਗ ਗਈ ਹੈ, ਜਿਸ ਨਾਲ ਦਾਣਾ ਵੀ ਕਾਲਾ ਪੈਣ ਦਾ ਖ਼ਤਰਾ ਬਣ ਜਾਂਦਾ ਹੈ। ਜੇ ਮੌਸਮ ਹੋਰ ਖ਼ਰਾਬ ਹੋਇਆ ਤਾਂ ਨੁਕਸਾਨ ਵੱਧ ਸਕਦਾ ਹੈ। ਇੱਕ ਹੋਰ ਕਿਸਾਨ ਹਰਭਜਨ ਸਿੰਘ ਨੇ ਕਿਹਾ ਕਿ ਅਸੀਂ ਰਾਤ ਤੋਂ ਹੀ ਚਿੰਤਤ ਹਾਂ ਅਤੇ ਖੇਤਾਂ ਵਿਚ ਜਾ ਕੇ ਹਾਲਤ ਵੇਖ ਰਹੇ ਹਾਂ। ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਮੌਸਮ ਨੂੰ ਪੂਰੀ ਤਰ੍ਹਾਂ ਖੋਲ੍ਹ ਦੇਵੇ। ਸ਼ਹਿਰੀ ਇਲਾਕਿਆਂ ਵਿਚ ਵੀ ਮੀਂਹ ਨੇ ਆਪਣਾ ਅਸਰ ਦਿਖਾਇਆ। ਸਬਜ਼ੀ ਵੇਚਣ ਵਾਲੇ ਜਾਂ ਹੋਰ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਆਪਣੇ ਸਾਮਾਨ ਉੱਪਰ ਤਰਪਾਲਾਂ ਪਾ ਕੇ ਢਕਿਆ ਹੋਇਆ ਦਿਖਾਈ ਦਿੱਤਾ। ਦੱਸਣ ਯੋਗ ਹੈ ਕਿ ਇਸ ਦੇ ਨਾਲ ਹੀ ਦਿਨ ਦੌਰਾਨ ਆਸਮਾਨ ਵਿਚ ਬੱਦਲਾਂ ਦੀ ਗੂੰਜ ਸੁਣਾਈ ਦਿੰਦੀ ਰਹੀ ਪਰ ਹੌਲੀ-ਹੌਲੀ ਮੌਸਮ ਖੁੱਲ੍ਹਦਾ ਗਿਆ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਮੌਸਮ ਵਿੱਚ ਉਤਾਰ-ਚੜ੍ਹਾਅ ਦੇ ਸੰਕੇਤ ਮਿਲ ਰਹੇ ਹਨ, ਜਿਸ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਕੁੱਲ ਮਿਲਾ ਕੇ ਐਤਵਾਰ ਦਾ ਦਿਨ ਮੋਗਾ ਵਾਸੀਆਂ ਲਈ ਮੌਸਮ ਦੇ ਵੱਖ ਵੱਖ ਰੰਗ ਲੈ ਕੇ ਆਇਆ, ਜਿੱਥੇ ਸਵੇਰੇ ਮੀਂਹ ਤੇ ਠੰਢੀ ਹਵਾਵਾਂ ਨੇ ਰਾਹਤ ਦਿੱਤੀ, ਉੱਥੇ ਹੀ ਦੁਪਹਿਰ ਦੀ ਤਿੱਖੀ ਧੁੱਪ ਨੇ ਗਰਮੀ ਦੀ ਯਾਦ ਦਿਵਾਈ ਅਤੇ ਕਿਸਾਨਾਂ ਲਈ ਵੱਡੀ ਚਿੰਤਾ ਦਾ ਕਾਰਨ ਬਣੀ। ਮੋਗਾ ਦੀ ਦਾਣਾ ਮੰਡੀ ਵਿਚ ਅਚਾਨਕ ਖ਼ਰਾਬ ਹੋਏ ਮੌਸਮ ਨੇ ਕਿਸਾਨਾਂ ਦੇ ਨਾਲ ਨਾਲ ਟਰੱਕ ਡਰਾਈਵਰਾਂ ਲਈ ਵੀ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਮੰਡੀ ਵਿਚ ਖੜ੍ਹੇ ਟਰੱਕਾਂ ਵਿਚ ਲੱਦੀ ਖ਼ਾਦ ਅਤੇ ਹੋਰ ਸਮਾਨ ਨੂੰ ਨੁਕਸਾਨ ਤੋਂ ਬਚਾਉਣ ਲਈ ਟਰੱਕ ਡਰਾਈਵਰਾਂ ਨੇ ਆਪਣੇ ਵਾਹਨਾਂ ਨੂੰ ਸਾਈਡ ’ਤੇ ਖੜ੍ਹਾ ਕਰ ਦਿੱਤਾ। ਡਰਾਈਵਰਾਂ ਦਾ ਕਹਿਣਾ ਹੈ ਕਿ ਜੇ ਮੌਸਮ ਇਸੇ ਤਰ੍ਹਾਂ ਖ਼ਰਾਬ ਰਹਿੰਦਾ ਹੈ ਤਾਂ ਸਮਾਨ ਭਿੱਜਣ ਦਾ ਖ਼ਤਰਾ ਬਣਿਆ ਰਹੇਗਾ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਇਕ ਟਰੱਕ ਡਰਾਈਵਰ ਨੇ ਦੱਸਿਆ ਕਿ ਅਸੀਂ ਸਵੇਰ ਤੋਂ ਹੀ ਮੰਡੀ ’ਚ ਖੜ੍ਹੇ ਹਾਂ ਤਾਂ ਜੋ ਸਮਾਨ ਨੂੰ ਜਿਆਦਾ ਨੁਕਸਾਨ ਨਾ ਹੋਵੇ।