ਨਾਟਕ ਸੁਲਘਦੀ ਧਰਤੀ ਦੀ ਹੋਈ ਸਫ਼ਲ ਪੇਸ਼ਕਾਰੀ
ਜੈ ਹੋ ਰੰਗਮੰਚ ਨਿਹਾਲ ਸਿੰਘ
Publish Date: Mon, 25 May 2026 05:16 PM (IST)
Updated Date: Tue, 26 May 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਟੀਮ ਦੇ ਰੰਗਕਰਮੀ ਸੁਖਦੇਵ ਲੱਧੜ ਅਤੇ ਆਸ਼ੂ ਨਈਅਰ ਵੱਲੋਂ ਨਾਟਕ ਸੁਲਘਦੀ ਧਰਤੀ ਦੀ ਪੇਸ਼ਕਾਰੀ ਜੇਐੱਸਐੱਫਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਗਈ। ਇਹ ਨਾਟਕ ਨਸ਼ਿਆਂ ਦੇ ਵਧਦੇ ਰੁਝਾਨ, ਭਰੂਣ ਹੱਤਿਆਂ, ਮਾਪਿਆਂ ਦਾ ਨਿਰਾਦਰ, ਲੁੱਟਾਂ ਖੋਹਾਂ, ਨਿਘਰਦੀ ਕਿਸਾਨੀ ਅਤੇ ਆਮ ਲੋਕਾਂ ਹੱਥੋਂ ਖੁਸਦੀਆਂ ਜ਼ਮੀਨਾਂ ਵਰਗੀਆਂ ਬੁਰਾਈਆਂ ਉੱਤੇ ਕਰਾਰੀ ਚੋਟ ਕਰਦਾ ਹੈ। ਇਸ ਨਾਟਕ ਦੇ ਲੇਖਕ ਬਲਰਾਜ ਸਾਗਰ ਨੇ ਅਤੇ ਨਿਰਦੇਸ਼ਕ ਸੁਖਦੇਵ ਲੱਧੜ ਹਨ। ਇੱਥੇ ਜ਼ਿਕਰਯੋਗ ਹੈ ਕਿ ਨਾਟਕ ਸੁਲਘਦੀ ਧਰਤੀ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਹੋ ਚੁੱਕੀਆਂ ਹਨ ਤੇ ਇਹ ਨਾਟਕ ਦਰਸ਼ਕਾਂ ਵੱਲੋਂ ਬਹੁਤ ਸਾਲਾਂ ਬਾਅਦ ਵੀ ਬਹੁਤ ਪਸੰਦ ਕੀਤਾ ਜਾਂ ਰਿਹਾ ਨਾਟਕ ਹੈ। ਇਸ ਸਕੂਲ ਵਿਚ ਹੋਈ ਪੇਸ਼ਕਾਰੀ ਨੂੰ ਪ੍ਰਿੰਸੀਪਲ ਸੁਭਾਸ਼ ਚੰਦਰ, ਅਧਿਆਪਕ ਸਟਾਫ਼ ਅਤੇ ਵਿਦਿਆਰਥੀ ਵਿਦਿਆਰਥਣਾਂ ਵੱਲੋਂ ਬੜੇ ਧਿਆਨ ਨਾਲ ਵੇਖਿਆ ਗਿਆ। ਜਿੱਥੇ ਇਸ ਨਾਟਕ ਨੇ ਦਰਸ਼ਕਾਂ ਨੂੰ ਹਸਾਇਆ, ਰੁਵਾਇਆ ਉੱਥੇ ਨਾਟਕ ਦੇ ਵੱਖ-ਵੱਖ ਪਾਤਰ ਨਿਭਾਉਂਦੇ ਰੰਗਕਰਮੀਆ ਨੇ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਸਭ ਨੂੰ ਸੋਚਣ ਤੇ ਮਜ਼ਬੂਰ ਵੀ ਕੀਤਾ ਕਿ ਸਾਡੇ ਆਪਣੇ ਆਪ ਪ੍ਰਤੀ ਸਾਡੇ ਪਰਿਵਾਰਾਂ ਅਤੇ ਸਮਾਜ਼ ਪ੍ਰਤੀ ਬਣਦੇ ਫਰਜ਼ ਵੀ ਨਿਭਾਉਣੇ ਚਾਹੀਦੇ ਹਨ। ਨਾਟਕ ਉਪਰੰਤ ਪ੍ਰਿੰਸੀਪਲ ਸੁਭਾਸ਼ ਚੰਦਰ ਨੇ ਆਪਣੇ ਭਾਸ਼ਣ ਵਿਚ ਨਾਟਕ ਟੀਮ ਦੇ ਰੰਗਕਰਮੀਆਂ ਦੀ ਇਸ ਖੂਬਸੂਰਤ ਪੇਸ਼ਕਾਰੀ ਤੋਂ ਖੁਸ਼ ਹੁੰਦੇ ਹੋਏ ਕਿਹਾ ਕਿ ਇਹ ਬਹੁਤ ਨੇਕ ਕਾਰਜ ਕੀਤਾ ਜਾਂ ਰਿਹਾ ਹੈ ਜਿੱਥੇ ਅੱਜ ਸਮਾਜ ਵਿਚਲੇ ਭੈੜੀ ਮਾਨਸਿਕਤਾ ਵਾਲੇ ਲੋਕ ਬੱਚਿਆਂ ਨੂੰ ਛੋਟੇ ਨਸ਼ਿਆਂ ਤੇ ਲਗਾ ਰਹੇ ਹਨ, ਉੱਥੇ ਇਸ ਟੀਮ ਦੇ ਨੌਜਵਾਨ ਸਕੂਲਾਂ, ਕਾਲਜਾਂ ਦੇ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਕਰਕੇ ਆਪਣਾਂ ਬਹੁਮੁੱਲਾ ਯੋਗਦਾਨ ਪਾ ਰਹੇ ਹਨ।ਸਾਨੂੰ ਸਭ ਨੂੰ ਇਸ ਟੀਮ ਦੇ ਕਲਾਕਾਰਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਅਜਿਹੇ ਨਾਟਕਾਂ ਦੀਆਂ ਵੱਧ ਤੋਂ ਵੱਧ ਪੇਸ਼ਕਾਰੀਆਂ ਹਰ ਸਕੂਲ ਨੂੰ ਕਰਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਲਾਕਾਰ ਜਿੱਥੇ ਪੰਜਾਬੀ ਅਤੇ ਹਿੰਦੀ ਫ਼ਿਲਮ ਜਗਤ ਦੀਆਂ ਵੱਡੀਆਂ ਫ਼ਿਲਮਾਂ ਵਿਚ ਅਹਿਮ ਰੋਲ ਨਿਭਾ ਰਹੇ ਨੇ, ਉੱਥੇ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਲਈ ਰੰਗਮੰਚ ਦੇ ਪਸਾਰੇ ਲਈ ਵੀ ਯਤਨਸ਼ੀਲ ਹਨ। ਨਾਟਕ ਉਪਰੰਤ ਪ੍ਰਿੰਸੀਪਲ ਸਮੂਹ ਅਧਿਆਪਕ ਸਟਾਫ਼ ਵੱਲੋਂ ਰੰਗਮੰਚ ਦੇ ਦੋਵੇਂ ਰੰਗਕਰਮੀਆ ਨੂੰ ਸਨਮਾਨਿਤ ਕੀਤਾ ਗਿਆ। ਨਾਟਕ ਡਾਇਰੈਕਟਰ ਸੁਖਦੇਵ ਲੱਧੜ ਨੇ ਦੱਸਿਆ ਕਿ ਟੀਮ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਹਰ ਸੰਭਵ ਯਤਨ ਕਰਦੀ ਹੈ ਕਿ ਵੱਧ ਤੋਂ ਵੱਧ ਜ਼ਮੀਨੀ ਪੱਧਰ ’ਤੇ ਜਾ ਕੇ ਰੰਗਮੰਚ ਲਈ ਪੇਸ਼ਕਾਰੀਆਂ ਕੀਤੀਆਂ ਜਾਣ।