ਨੁੱਕੜ ਨਾਟਕ ਸੁਲਘਦੀ ਧਰਤੀ ਦੀ ਸਫ਼ਲ ਪੇਸ਼ਕਾਰੀ
ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ
Publish Date: Fri, 06 Mar 2026 04:13 PM (IST)
Updated Date: Sat, 07 Mar 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਮੋਗਾ ਵੱਲੋਂ ਰੰਗਕਰਮੀ ਸੁਖਦੇਵ ਲੱਧੜ ਅਤੇ ਆਸ਼ੂ ਨਈਅਰ ਨੇ ਬਲਰਾਜ ਸਾਗਰ ਦੁਆਰਾ ਲਿਖਤ ਅਤੇ ਸੁਖਦੇਵ ਲੱਧੜ ਦੁਆਵਾਂ ਨਿਰਦੇਸ਼ਿਤ ਨਾਟਕ ਸੁਲਘਦੀ ਧਰਤੀ ਦੀ ਸਫ਼ਲ ਪੇਸ਼ਕਾਰੀ ਰਾਮਗੜ੍ਹੀਆ ਵਿਖੇ ਕੀਤੀ। ਪ੍ਰਿੰਸੀਪਲ ਡਾ. ਅਜੀਤ ਕੌਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਬਿੰਦਰ ਕੌਰ ਵੱਲੋਂ ਕਲਾਕਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸੁਲਘਦੀ ਧਰਤੀ ਰਾਹੀਂ ਭਰੂਣ ਹੱਤਿਆ, ਨਸ਼ੇ ਅਤੇ ਮਾਪਿਆਂ ਦਾ ਨਿਰਾਦਰ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਨੁੱਕੜ ਨਾਟਕ ਦੇ ਰੂਪ ਰਾਹੀਂ ਬਹੁਤ ਹੀ ਵਧੀਆ ਅਦਾਕਾਰੀ ਦੇ ਨਾਲ ਰੰਗਕਰਮੀਆ ਨੇ ਪੇਸ਼ ਕੀਤਾ। ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਕਲਾਕਾਰਾਂ ਦੀ ਹੌਂਂਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਸਾਡੇ ਅਜੋਕੇ ਸਮਾਜ ਵਿਚ ਇਹ ਕੁਰੀਤੀਆਂ ਬੁਰੀ ਤਰ੍ਹਾਂ ਫ਼ੈਲੀਆਂ ਹੋਈਆਂ ਹਨ ਅੱਜ ਦੇ ਸਮੇਂ ਲੋੜ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਕੁਰੀਤੀਆਂ ਤੋਂ ਬਚਾਉਣ ਲਈ ਚੇਤੰਨ ਕੀਤਾ ਜਾਵੇ ਤਾਂ ਜੋ ਅਸੀਂ ਸੋਹਣੇ ਸਮਾਜ ਦੀ ਸਿਰਜਣਾ ਵੱਲ ਵੱਧ ਸਕੀਏ। ਸਮਾਜ ਵਿਚੋਂ ਨਸ਼ੇ ਅਤੇ ਭਰੂਣ ਹੱਤਿਆ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨਾ ਅਤਿ ਜ਼ਰੂਰੀ ਹੈ ਜੋ ਇਨ੍ਹਾਂ ਰੰਗਕਰਮੀਆਂ ਨੇ ਆਪਣਾ ਬਣਦਾ ਯੋਗਦਾਨ ਬਾਖ਼ੂਬੀ ਪੇਸ਼ਕਾਰੀ ਰਾਹੀਂ ਨਿਭਾਇਆ ਹੈ। ਅੱਜ ਦੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨ, ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਬਚਾ ਕੇ ਰੱਖਣ ਲਈ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਸਹਾਈ ਸਿੱਧ ਹੁੰਦੀਆਂ ਹਨ। ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਜੈ ਹੋ ਰੰਗਮੰਚ ਤੋਂ ਪਹੁੰਚੇ ਥੀਏਟਰ ਦੇ ਇਨ੍ਹਾਂ ਅਦਾਕਾਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਨੇ ਬਹੁਤ ਥੋੜੇ ਸਮੇਂ ਵਿਚ ਆਪਣੀ ਬਹੁਤ ਵਧੀਆ ਅਦਾਕਾਰੀ ਦੇ ਨਾਲ ਸਾਡੀਆਂ ਵਿਦਿਆਰਥਣਾਂ ਨੂੰ ਇਕ ਚੰਗਾ ਸੁਨੇਹਾ ਦਿੱਤਾ ਹੈ। ਇਨ੍ਹਾਂ ਦੋ ਹੀ ਕਲਾਕਾਰਾਂ ਨੇ ਇਸ ਨੁੱਕੜ ਨਾਟਕ ਰਾਹੀਂ ਵੱਖ-ਵੱਖ ਕਿਰਦਾਰ ਪੇਸ਼ ਕੀਤੇ ਜੋ ਕਾਬਲੇ ਤਾਰੀਫ਼ ਹਨ। ਸਾਨੂੰ ਇਨ੍ਹਾਂ ਉੱਭਰਦੇ ਹੋਏ ਰੰਗਮੰਚ ਦੇ ਕਲਾਕਾਰਾਂ ਉੱਤੇ ਮਾਣ ਹੈ ਜੋ ਸਮਾਜ ਨੂੰ ਆਪਣੀ ਮਿਹਨਤ ਸਦਕਾ ਵਧੀਆ ਸੁਨੇਹੇ ਦੇ ਰਹੇ ਹਨ।