ਨਿਰੋਲ ਸੇਵਾ ਸੰਸਥਾ ਮੁਕਾਬਲੇ ਜੇਤੂ ਵਿਦਿਆਰਥੀ ਸਨਮਾਨਿਤ
ਨਿਰੋਲ ਸੇਵਾ ਸੰਸਥਾ ਵੱਲੋਂ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਨਮਾਨਿਤ
Publish Date: Mon, 11 May 2026 06:24 PM (IST)
Updated Date: Mon, 11 May 2026 06:27 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲੇ ਕਰਵਾਏ ਗਏ ਸਨ, ਜਿਸ ਵਿੱਚ 13 ਹਜ਼ਾਰ ਬੱਚਿਆਂ ਨੇ ਭਾਗ ਲਿਆ ਸੀ। ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੱਲਣ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਬੰਧਕ ਅਤੇ ਸੰਸਥਾ ਦੇ ਮੁਖੀ ਡਾ. ਜਗਦੀਪ ਸਿੰਘ ਕਾਲਾ ਸੋਢੀ ਨੇ ਕਿਹਾ ਕਿ ਸੰਸਥਾ ਵੱਲੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੱਡੀ ਰਾਸ਼ੀ ਨਾਲ ਸਨਮਾਨਿਆ ਗਿਆ ਹੈ। ਡਾ. ਸੋਢੀ ਤੇ ਦਮਦਮੀ ਟਕਸਾਲ ਦੇ ਗ੍ਰੰਥੀ ਭਾਈ ਬਚਨ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ, ਨਿਊ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਮੱਲਣ, ਫਤਿਹ ਗਲੋਬਲ ਪਬਲਿਕ ਸਕੂਲ ਮਲਣ ਤੇ ਅਕਾਲ ਪਬਲਿਕ ਸਕੂਲ ਮੱਲਣ ਦੇ ਪ੍ਰਤੀਭਾਗੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਰਜਿਸਟਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬਾਬਾ ਬਚਨ ਸਿੰਘ ਨੇ ਕਿਹਾ ਕਿ ਜਪੁਜੀ ਸਾਹਿਬ ਸਭ ਨੂੰ ਕੰਠ ਕਰਨੀ ਚਾਹੀਦੀ ਹੈ ਅਤੇ ਪੰਜ ਬਾਣੀਆਂ ਵਿੱਚ ਸਭ ਤੋਂ ਪਹਿਲਾਂ ਜਪੁਜੀ ਸਾਹਿਬ ਦੀ ਬਾਣੀ ਆਉਂਦੀ ਹੈ। ਇਹ ਅਥਾਹ ਸ਼ਕਤੀ ਅਤੇ ਗਿਆਨ ਦਾ ਸੋਮਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਉਪਦੇਸ਼ ਤੇ ਚੱਲ ਕੇ ਸਭ ਨੂੰ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ। ਇਸ ਮੌਕੇ ਸੰਸਥਾ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਗਈ। ਅੰਤ ਵਿੱਚ ਜਗਦੀਪ ਸਿੰਘ ਸੋਢੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।