ਚੈੱਸ ਚੈਂਪੀਅਨਸ਼ਿਪ 2026 ਦੇ ਮੁਕਾਬਲੇ ’ਚ ਵਿਦਿਆਰਥੀਆਂ ਕੀਤਾ ਨਾਂਅ ਰੌਸ਼ਨ
ਹਾਲ ਹੀ ’ਚ ਕਰਵਾਏ ਮੋਗਾ
Publish Date: Fri, 08 May 2026 03:29 PM (IST)
Updated Date: Sat, 09 May 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਹਾਲ ਹੀ ’ਚ ਕਰਵਾਏ ਮੋਗਾ ਡਿਸਟ੍ਰਿਕਟ ਜੂਨੀਅਰ ਚੈੱਸ ਚੈਂਪੀਅਨਸ਼ਿਪ 2026 ਦੇ ਮੁਕਾਬਲੇ ’ਚ ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੋਗਾ ਦੇ ਵਿਦਿਆਰਥੀ ਪ੍ਰਭਨੂਰ ਸਿੰਘ ਜਮਾਤ ਸੱਤਵੀਂ ਅਤੇ ਗੁਰਨੂਰ ਸਿੰਘ ਜਮਾਤ ਛੇਵੀਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਦਸ ਵਿਦਿਆਰਥੀਆਂ ’ਚ ਆਪਣਾ ਸਥਾਨ ਬਣਾਇਆ ਅਤੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਹ ਮੁਕਾਬਲਾ ਸੈਕਰਟ ਹਾਰਟ ਸਕੂਲ ’ਚ ਕਰਵਾਇਆ ਗਿਆ। ਇਸ ਮੁਕਾਬਲੇ ’ਚ ਜ਼ਿਲ੍ਹੇ ਭਰ ਦੇ ਕਈ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਚੈੱਸ ਖੇਡ ਦੀ ਕਾਬਲੀਅਤ ਦਿਖਾਈ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ’ਤੇ ਖੁਸ਼ੀ ਜਤਾਈ ਅਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਪ੍ਰਕਾਰ ਦੇ ਮੁਕਾਬਲੇ ਵਿਦਿਆਰਥੀਆਂ ’ਚ ਤਰਕਸ਼ੀਲ ਸੋਚ ਅਤੇ ਖੇਡਾਂ ਪ੍ਰਤੀ ਰੁਝਾਨ ਨੂੰ ਵਧਾਉਂਦੇ ਹਨ। ਇਸ ਮੌਕੇ ’ਤੇ ਪ੍ਰਭਨੂਰ ਸਿੰਘ ਅਤੇ ਗੁਰਨੂਰ ਸਿੰਘ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੁੱਖ ਅਧਿਆਪਕਾ ਰਜਨੀ ਅਰੋੜਾ ਨੇ ਪ੍ਰਭਨੂਰ ਅਤੇ ਗੁਰਨੂਰ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਸਫ਼ਲਤਾ ਦਾ ਸਿਹਰਾ ਖੇਡ ਅਧਿਆਪਕ ਨਿਤਿਨ ਸ਼ਰਮਾ ਨੂੰ ਦਿੱਤਾ। ਖੇਡ ਅਧਿਆਪਕ ਨਿਤਿਨ ਸ਼ਰਮਾ ਨੇ ਵੀ ਬੱਚਿਆਂ ਨੂੰ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।