ਮੈਰਿਟ ’ਚ ਆਏ ਦਸਵੀਂ ਜਮਾਤ ਦੇ ਬੱਚਿਆਂ ਦਾ ਕੀਤਾ ਸਨਮਾਨ
12ਵੀਂ ਦੇ ਨਤੀਜਿਆਂ ’ਚ ਮੈਰਿਟ ਸੂਚੀ ’ਚ ਨਾਮ ਦਰਜ ਕਰਵਾਉਣ ਵਾਲੇ 10 ਵਿਦਿਆਰਥੀ ਸਨਮਾਨਿਤ
Publish Date: Sun, 17 May 2026 04:11 PM (IST)
Updated Date: Mon, 18 May 2026 04:01 AM (IST)

ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਦੇ ਉਪਰਾਲੇ ਸ਼ਲਾਘਾਯੋਗ : ਸ਼ਰਮਾ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਆਈਏਐਸ, ਪੀਸੀਐਸ, ਆਈਪੀਐਸ, ਇੰਜੀਨੀਅਰ, ਡਾਕਟਰ, ਵਕੀਲ, ਜੱਜ ਆਦਿਕ ਸਿਵਲ ਸਰਵਿਸਜ ਪ੍ਰੀਖਿਆਵਾਂ ਰਾਹੀਂ ਉੁਚ ਅਹੁਦਿਆਂ ’ਤੇ ਪਹੁੰਚਣ ਦੀ ਇੱਛਾ ਰੱਖਣ ਵਾਲੇ 10 ਹੋਣਹਾਰ ਅਤੇ ਹੁਸ਼ਿਆਰ ਬੱਚਿਆਂ ਦੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੰਚ ’ਤੇ ਰੱਖੇ ਸਨਮਾਨ ਸਮਾਰੋਹ ਦੌਰਾਨ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਇਹਨਾ ਹੋਣਹਾਰ ਬੱਚਿਆਂ ਦੀ ਜਿਲੇ ਭਰ ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੀ ਪ੍ਰਾਪਤੀ ਤੋਂ ਨਵੀਂ ਉਮਰ ਦੇ ਬੱਚਿਆਂ ਨੂੰ ਪ੍ਰੇਰਨਾ ਮਿਲਣੀ ਸੁਭਾਵਿਕ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਸਮੇਤ ਪ੍ਰੋਜੈਕਟ ਇੰਚਾਰਜਾਂ ਪ੍ਰੋ ਐਚ ਐਸ ਪਦਮ, ਲੈਕ ਮੁਖਤਿਆਰ ਸਿੰਘ ਮੱਤਾ ਅਤੇ ਮਾ ਸੋਮਨਾਥ ਅਰੋੜਾ ਨੇ ਦੱਸਿਆ ਕਿ 9 ਲੜਕੀਆਂ ਅਤੇ ਇਕ ਲੜਕੇ ਨੇ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਇਆ ਹੈ, ਜਿਸ ਨਾਲ ਫਰੀਦਕੋਟ ਜ਼ਿਲੇ ਦਾ ਨਾਮ ਪੰਜਾਬ ਭਰ ਵਿੱਚ ਰੋਸ਼ਨ ਹੋਇਆ ਹੈ। ਉਹਨਾ ਦੱਸਿਆ ਕਿ ਸਭ ਤੋਂ ਜਿਆਦਾ ਅਰਥਾਤ 10 ਵਿੱਚੋਂ 6 ਲੜਕੀਆਂ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਦੀਆਂ ਵਿਦਿਆਰਥਣਾ ਹਨ। ਵਿੱਤ ਸਕੱਤਰ ਸੁਪਰਡੈਂਟ ਜਸਕਰਨ ਸਿੰਘ ਭੱਟੀ ਨੇ ਹੁਸ਼ਿਆਰ ਬੱਚਿਆਂ ਅਤੇ ਉਹਨਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਵੱਡੇ ਅਫਸਰ ਬਣਨ ਦੇ ਨਾਲ ਨਾਲ ਚੰਗੇ ਇਨਸਾਨ ਅਰਥਾਤ ਵਧੀਆ ਨਾਗਰਿਕ ਬਣਨਾ ਵੀ ਬਹੁਤ ਜਰੂਰੀ ਹੈ, ਤਾਂ ਹੀ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੀ ਆਸ ਰੱਖੀ ਜਾ ਸਕਦੀ ਹੈ। ਸਨਮਾਨਤ ਵਿਦਿਆਰਥਣਾ ਵਿੱਚੋਂ ਖੁਸ਼ਵੀਰ ਕੌਰ ਨੇ ਉਸਾਰੂ ਅਤੇ ਪ੍ਰੇਰਨਾਮਈ ਸ਼ੇਅਰ ਸੁਣਾ ਕੇ ਦੂਜੇ ਬੱਚਿਆਂ ਦਾ ਉਤਸ਼ਾਹ ਵਧਾਇਆ। ਡਾ ਦੇਵ ਰਾਜ ਅਤੇ ਗੁਰਚਰਨ ਸਿੰਘ ਬੱਬੂ ਨੇ ਉਸਾਰੂ ਸ਼ੇਅਰਾਂ ਅਤੇ ਚੁਟਕਲਿਆਂ ਨਾਲ ਮਹਿਫਲ ਵਿੱਚ ਰੰਗ ਬੰਨ੍ਹ ਦਿੱਤਾ। ਸਥਾਨਕ ਡਰੀਮਲੈਂਡ ਪਬਲਿਕ ਸਕੂਲ ਦੇ ਡਾਇਰੈਕਟਰ/ਪਿ੍ਸੀਪਲ ਰਾਕੇਸ਼ ਸ਼ਰਮਾ ਨੇ ਆਖਿਆ ਕਿ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਵਿਸ਼ਵ ਪ੍ਰਸਿੱਧ ਸਮਾਜਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦਾ ਇਹ ਉਪਰਾਲਾ ਬਹੁਤ ਹੀ ਪ੍ਰਸੰਸਾਯੋਗ ਹੈ। ਕਿਉਂਕਿ ਇਸ ਨਾਲ ਬੱਚਿਆਂ ਵਿੱਚ ਅਗਾਂਹ ਵਧਣ ਅਤੇ ਚੰਗੀਆਂ ਪ੍ਰਾਪਤੀਆਂ ਹਾਸਲ ਕਰਨ ਦਾ ਹੋਰ ਉਤਸ਼ਾਹ ਪੈਦਾ ਹੁੰਦਾ ਹੈ। ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟਸੁਖੀਆ ਵਲੋਂ ਆਏ ਮਾ. ਰਾਜ ਕੁਮਾਰ ਕੋਚਰ ਨੇ ਵੀ ਕਲੱਬ ਦੇ ਉਪਰਾਲਿਆਂ ਦੀ ਪ੍ਰਸੰਸਾ ਕਰਦਿਆਂ ਉਕਤ ਸਨਮਾਨਤ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ ਅਤੇ ਸਹਾਇਕ ਪੈ੍ਰਸ ਸਕੱਤਰ ਸਰਨ ਕੁਮਾਰ ਮੁਤਾਬਿਕ ਬੱਚਿਆਂ ਨੂੰ ਯਾਦਗਾਰੀ ਸਨਮਾਨ, ਮੈਡਲ ਅਤੇ ਕਲੱਬ ਦੇ ਸਾਂਭਣਯੋਗ ਦਸਤਾਵੇਜ ਸੋਵੀਨੀਅਰ-ਕਮ-ਡਾਇਰੈਕਟਰੀ ਨਾਲ ਸਨਮਾਨਤ ਕੀਤਾ ਗਿਆ। ਮਨੀ ਧਾਲੀਵਾਲ ਅਤੇ ਡਾ ਮਨਜੀਤ ਸਿੰਘ ਢਿੱਲੋਂ ਨੇ ਵਿਦਿਆਰਥਣ ਖੁਸ਼ਵੀਰ ਕੌਰ ਦਾ ਨਗਦ ਰਾਸ਼ੀ ਨਾਲ ਵੱਖਰੇ ਤੌਰ ’ਤੇ ਸਨਮਾਨ ਕਰਦਿਆਂ ਹੋਂਸਲਾ ਅਫਜਾਈ ਕੀਤੀ।