ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ’ਚ ਲੱਗੇ ਗੰਦਗੀ ਦੇ ਅੰਬਾਰ
ਪੰਜਾਬ ਪੱਧਰੀ ਸੱਦੇ ’ਤੇ
Publish Date: Mon, 11 May 2026 04:51 PM (IST)
Updated Date: Tue, 12 May 2026 04:03 AM (IST)

ਮੀਂਹ ਨੇ ਵਧਾਈ ਪਰੇਸ਼ਾਨੀ, ਬਦਬੂ ਕਾਰਨ ਦੁਕਾਨਦਾਰ ਤੇ ਰਾਹਗੀਰ ਪਰੇਸ਼ਾਨ, ਪ੍ਰਸ਼ਾਸਨ ਬੇਖ਼ਬਰ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ਪੱਧਰੀ ਸੱਦੇ ’ਤੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਸੋਮਵਾਰ ਨੂੰ ਛੇਵੇਂ ਦਿਨ ਵਿਚ ਦਾਖ਼ਲ ਹੋ ਗਈ। ਇਕ ਪਾਸੇ ਨਗਰ ਨਿਗਮ ਦਫ਼ਤਰ ਅੱਗੇ ਕਰਮਚਾਰੀਆਂ ਦਾ ਧਰਨਾ ਜਾਰੀ ਹੈ, ਦੂਜੇ ਪਾਸੇ ਪੂਰਾ ਸ਼ਹਿਰ ਗੰਦਗੀ ਦੇ ਢੇਰਾਂ ਹੇਠ ਦੱਬਦਾ ਜਾ ਰਿਹਾ ਹੈ। ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਲੋਕਾਂ ਲਈ ਘਰਾਂ, ਦੁਕਾਨਾਂ ਅਤੇ ਬਾਜ਼ਾਰਾਂ ਵਿਚ ਬੈਠਣਾ ਵੀ ਔਖਾ ਹੋ ਗਿਆ ਹੈ। ਸੋਮਵਾਰ ਨੂੰ ਦੁਪਹਿਰ ਵੇਲੇ ਪਏ ਮੀਂਹ ਨੇ ਸ਼ਹਿਰ ਦੀ ਸਥਿਤੀ ਨੂੰ ਹੋਰ ਵੀ ਡਰਾਉਣਾ ਰੂਪ ਦੇ ਦਿੱਤਾ। ਮੀਂਹ ਦਾ ਪਾਣੀ ਕੂੜੇ ਦੇ ਢੇਰਾਂ ਵਿਚ ਇਕੱਠਾ ਹੋਣ ਕਾਰਨ ਗੰਦਗੀ ਸੜਕਾਂ ’ਤੇ ਫੈਲ ਗਈ ਅਤੇ ਕਈ ਇਲਾਕਿਆਂ ਵਿਚ ਗੰਦੇ ਪਾਣੀ ਦੇ ਛੱਪੜ ਬਣ ਗਏ। ਪੁਰਾਣੀ ਕਚਹਿਰੀ, ਮੁੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਬਾਹਰੀ ਸੜਕਾਂ ਉੱਪਰ ਕੂੜੇ ਦੇ ਅੰਬਾਰ ਲੱਗੇ ਹੋਏ ਹਨ, ਜਿਨ੍ਹਾਂ ’ਚੋਂ ਉੱਠ ਰਹੀ ਸੜਾਂਦ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਵਿਚ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੋਇਆ ਹੈ। ਮਜ਼ਬੂਰੀ ਵਿਚ ਲੋਕ ਆਪਣੇ ਘਰਾਂ ਦਾ ਕੂੜਾ ਲਿਫ਼ਾਫਿਆਂ ਵਿਚ ਪਾ ਕੇ ਗਲੀਆਂ, ਨੁੱਕਰਾਂ ਅਤੇ ਸੜਕਾਂ ਕਿਨਾਰੇ ਸੁੱਟ ਰਹੇ ਹਨ। ਹਰ ਬੀਤਦੇ ਦਿਨ ਨਾਲ ਇਹ ਢੇਰ ਹੋਰ ਵੱਡੇ ਹੁੰਦੇ ਜਾ ਰਹੇ ਹਨ। ਗਰਮੀ ਅਤੇ ਹੁਣ ਮੀਂਹ ਕਾਰਨ ਕੂੜਾ ਤੇਜ਼ੀ ਨਾਲ ਸੜਨ ਲੱਗ ਪਿਆ ਹੈ, ਜਿਸ ਨਾਲ ਹਵਾ ਵਿਚ ਬਦਬੂ ਅਤੇ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ। ਕਈ ਇਲਾਕਿਆਂ ਵਿਚ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਲੋਕਾਂ ਲਈ ਕੂੜੇ ਦੇ ਢੇਰਾਂ ਕੋਲੋਂ ਲੰਘਣਾ ਵੀ ਮੁਸ਼ਕਲ ਹੋ ਗਿਆ। ਮੀਂਹ ਪੈਣ ਕਾਰਨ ਕੂੜਾ ਨਾਲਿਆਂ ਵਿਚ ਵਹਿ ਗਿਆ, ਜਿਸ ਨਾਲ ਸੀਵਰੇਜ ਜਾਮ ਹੋਣ ਦੀ ਸਮੱਸਿਆ ਵੀ ਵਧ ਗਈ ਹੈ। ਗੰਦਾ ਪਾਣੀ ਘਰਾਂ ਦੇ ਬਾਹਰ ਇਕੱਠਾ ਹੋਣ ਕਾਰਨ ਲੋਕਾਂ ਵਿਚ ਡੇਂਗੂ, ਮਲੇਰੀਆ ਅਤੇ ਹੋਰ ਸੰਕਰਾਮਕ ਬਿਮਾਰੀਆਂ ਦਾ ਡਰ ਪੈਦਾ ਹੋ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਦਬੂ ਕਾਰਨ ਗਾਹਕ ਬਾਜ਼ਾਰਾਂ ਵਿਚ ਆਉਣ ਤੋਂ ਕਤਰਾਉਣ ਲੱਗ ਪਏ ਹਨ। ਕਈ ਦੁਕਾਨਦਾਰਾਂ ਨੇ ਦੱਸਿਆ ਕਿ ਗੰਦਗੀ ਅਤੇ ਮੱਖੀਆਂ-ਮੱਛਰਾਂ ਦੀ ਭਰਮਾਰ ਕਾਰਨ ਦੁਕਾਨਾਂ ’ਤੇ ਬੈਠਣਾ ਮੁਸ਼ਕਲ ਹੋ ਗਿਆ ਹੈ, ਉੱਥੇ ਹੀ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਹਾਲਾਤ ਜਲਦ ਨਾ ਸੰਭਲੇ ਤਾਂ ਬਿਮਾਰੀਆਂ ਫੈਲਣ ਦਾ ਖ਼ਤਰਾ ਹੋਰ ਵੱਧ ਸਕਦਾ ਹੈ। ਨਗਰ ਨਿਗਮ ਦਫ਼ਤਰ ਵਿਚ ਚੱਲ ਰਹੇ ਧਰਨੇ ਦੌਰਾਨ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੋਬੜ, ਮਿਊਂਸਿਪਲ ਇੰਪਲਾਈ ਫੈਡਰੇਸ਼ਨ ਦੇ ਜਨਰਲ ਸਕੱਤਰ ਵਿੱਕੀ ਬਹੁਤ, ਚੀਫ਼ ਸਕੱਤਰ ਨਰੋਤਮ ਬੋਹਤ, ਸਿਕੰਦਰ ਗੁਲੂ, ਜੋਗਿੰਦਰ ਭੁੱਲਰ, ਵਿਸ਼ਵਨਾਥ ਜੋਨੀ, ਰਜਿੰਦਰ ਗੰਗੂ, ਰਵੀ ਚਾਵਰੀਆ, ਸੁਖਪਾਲ, ਪ੍ਰਵੀਨ ਕੁਮਾਰ, ਜਗਤਾਰ ਸਿੰਘ, ਮੰਗਤ ਰਾਮ, ਰਵੀ ਸਾਰਵਾਨ, ਹਰਕਿਸ਼ਨ ਬਹੁਤ, ਸਤਪਾਲ ਅਨਜਾਨ ਅਤੇ ਮਦਨ ਲਾਲ ਸਮੇਤ ਹੋਰ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਆਗੂਆਂ ਨੇ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ, ਠੇਕੇਦਾਰ ਪ੍ਰਥਾ ਖ਼ਤਮ ਕਰਨ, ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਰੈਗੂਲਰ ਭਰਤੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ, ਡੀਏ ਲਾਗੂ ਕਰਨ ਅਤੇ ਪੇ ਕਮਿਸ਼ਨ ਦਾ ਬਕਾਇਆ ਜਾਰੀ ਕਰਨ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਇਹ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ, ਉਦੋਂ ਤੱਕ ਹੜਤਾਲ ਅਤੇ ਸੰਘਰਸ਼ ਜਾਰੀ ਰਹੇਗਾ। ਸ਼ਹਿਰ ਵਾਸੀਆਂ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਿਆ ਜਾਵੇ ਤਾਂ ਜੋ ਸ਼ਹਿਰ ਨੂੰ ਗੰਦਗੀ ਅਤੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ।