ਸ਼ੋਰ ਪ੍ਰਦੂਸ਼ਣ ਸਬੰਧੀ ਹੁਕਮ ਜਾਰੀ
ਸ੍ਰੀ ਮੁਕਤਸਰ ਸਾਹਿਬ ’ਚ ਸ਼ੋਰ ਪ੍ਰਦੂਸ਼ਣ ’ਤੇ ਸਖ਼ਤ ਪਾਬੰਦੀਆਂ ਲਾਗੂ
Publish Date: Sat, 21 Mar 2026 05:32 PM (IST)
Updated Date: Sat, 21 Mar 2026 05:34 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਡੈਵੀ ਗੋਇਲ ਆਈਏਐੱਸ ਵੱਲੋਂ ਸ਼ੋਰ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਮਹੱਤਵਪੂਰਨ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਰੋਜ਼ਾਨਾ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਆਵਾਜ਼ ਕਰਨ ਵਾਲੇ ਪਟਾਕਿਆਂ ’ਤੇ ਪੂਰੀ ਪਾਬੰਦੀ ਲਗਾਈ ਗਈ ਹੈ। ਹਾਲਾਂਕਿ ਰੌਸ਼ਨੀ ਵਾਲੇ (ਬਿਨਾ ਧਮਾਕੇ ਦੇ) ਪਟਾਕਿਆਂ ਨੂੰ ਇਸਤੋਂ ਛੂਟ ਦਿੱਤੀ ਗਈ ਹੈ। ਸਰਕਾਰੀ ਥਾਵਾਂ, ਮੈਰਿਜ ਪੈਲੇਸ ਅਤੇ ਹੋਰ ਜਨਤਕ ਸਥਾਨਾਂ ‘ਤੇ ਲਾਊਡਸਪੀਕਰ ਜਾਂ ਸਾਊਂਡ ਸਿਸਟਮ ਦੀ ਆਵਾਜ਼ ਨਿਰਧਾਰਤ ਸੀਮਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸਤੋਂ ਇਲਾਵਾ ਰਾਤ ਦੇ ਸਮੇਂ ਢੋਲ, ਬੈਂਡ ਜਾਂ ਹੋਰ ਸੰਗੀਤ ਸਾਜ਼ ਵਜਾਉਣ ‘ਤੇ ਵੀ ਰੋਕ ਲਗਾਈ ਗਈ ਹੈ, ਸਿਵਾਏ ਐਮਰਜੈਂਸੀ ਹਾਲਾਤਾਂ ਦੇ। ਨਿੱਜੀ ਸਾਊਂਡ ਸਿਸਟਮਾਂ ਲਈ ਵੀ ਆਵਾਜ਼ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ ਤੇ ਰਿਹਾਇਸ਼ੀ ਇਲਾਕਿਆਂ ’ਚ ਰਾਤ ਸਮੇਂ ਹਾਰਨ ਵਜਾਉਣ ’ਤੇ ਪਾਬੰਦੀ ਰਹੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਮੈਰਿਜ ਪੈਲੇਸਾਂ ਦੇ ਮਾਲਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਇਹ ਨਿਯਮ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹੋਏ ਬੋਰਡ ਲਗਾਉਣ।