ਚੋਰੀ ਦਾ ਸਾਮਾਨ ਖ਼ਰੀਦਣ ਵਾਲਿਆਂ ’ਤੇ ਕਾਰਵਾਈ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਏਕਤਾ
Publish Date: Sun, 31 May 2026 05:05 PM (IST)
Updated Date: Mon, 01 Jun 2026 04:06 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੇਦੇ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਕਿਸਾਨਾਂ ਨਾਲ ਜੁੜੇ ਅਨੇਕਾਂ ਮਸਲਿਆਂ ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੇ ਸੰਘਰਸ਼ੀ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 2 ਜੂਨ ਨੂੰ ਡੀਸੀ ਦਫ਼ਤਰ ਮੋਗਾ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸੰਬੰਧਤ ਲੰਬਿਤ ਮੰਗਾਂ ਨੂੰ ਲੈ ਕੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ਚ ਇਸ ਧਰਨੇ ਵਿਚ ਸ਼ਾਮਲ ਹੋ ਕੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ। ਮੀਟਿੰਗ ਦੌਰਾਨ ਆਗੂਆਂ ਨੇ ਖੇਤਾਂ ਵਿਚ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਚੋਰ ਕਿਸਾਨਾਂ ਦੀਆਂ ਮੋਟਰਾਂ ਦੀਆਂ ਬਿਜਲੀ ਤਾਰਾਂ ਚੋਰੀ ਕਰ ਰਹੇ ਹਨ। ਕਈ ਥਾਵਾਂ ’ਤੇ ਮੋਟਰਾਂ ਦੇ ਸਟਾਰਟਰ ਅਤੇ ਗਰਿੱਪ ਤੋੜ ਕੇ ਉਨ੍ਹਾਂ ’ਚੋਂ ਤਾਂਬਾ ਕੱਢ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਟਰਾਂਸਫਾਰਮਰਾਂ ’ਚੋਂ ਤੇਲ ਕੱਢਣ ਅਤੇ ਕਈ ਵਾਰ ਟਰਾਂਸਫ਼ਾਰਮਰਾਂ ਨੂੰ ਖੋਲ੍ਹ ਕੇ ਉਨ੍ਹਾਂ ਦਾ ਕੀਮਤੀ ਸਮਾਨ ਚੋਰੀ ਕਰਨ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਅਜਿਹੀਆਂ ਚੋਰੀਆਂ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ ਅਤੇ ਉਨ੍ਹਾਂ ਦੀਆਂ ਮੋਟਰਾਂ ਕਈ-ਕਈ ਦਿਨ ਬੰਦ ਰਹਿਣ ਕਰਕੇ ਫ਼ਸਲਾਂ ਦੀ ਸਿੰਚਾਈ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਰ ਇਹ ਚੋਰੀ ਕੀਤਾ ਸਮਾਨ ਪਿੰਡਾਂ ਅਤੇ ਸ਼ਹਿਰਾਂ ਵਿਚ ਬੈਠੇ ਕੁੱਝ ਕਬਾੜੀਆਂ ਨੂੰ ਵੇਚ ਦਿੰਦੇ ਹਨ, ਜੋ ਸਸਤੇ ਭਾਅ ’ਤੇ ਇਸ ਸਮਾਨ ਨੂੰ ਖ਼ਰੀਦ ਕੇ ਅੱਗੇ ਮਹਿੰਗੇ ਭਾਅ ਵੇਚ ਕੇ ਵੱਡਾ ਮੁਨਾਫ਼ਾ ਕਮਾਉਂਦੇ ਹਨ। ਬਲੌਰ ਸਿੰਘ ਘਲਕਲਾਂ ਨੇ ਕਿਹਾ ਕਿ ਜੇਕਰ ਕਬਾੜੀਏ ਚੋਰੀ ਦਾ ਸਮਾਨ ਖ਼ਰੀਦਣਾ ਬੰਦ ਕਰ ਦੇਣ ਤਾਂ ਅਜਿਹੀਆਂ ਚੋਰੀਆਂ ’ਤੇ ਕਾਫ਼ੀ ਹੱਦ ਤੱਕ ਰੋਕ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਕਈ ਨੌਜਵਾਨ ਗਰੀਬੀ ਜਾਂ ਨਸ਼ਿਆਂ ਦੀ ਲਤ ਕਾਰਨ ਚੋਰੀਆਂ ਵੱਲ ਧੱਕੇ ਜਾਂਦੇ ਹਨ ਪਰ ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਈ ਮਾਮਲਿਆਂ ’ਚ ਲੋਕਾਂ ਵੱਲੋਂ ਚੋਰਾਂ ਨੂੰ ਫੜ ਕੇ ਪੁਲਿਸ ਹਵਾਲੇ ਕਰਨ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ, ਜਿਸ ਕਾਰਨ ਚੋਰਾਂ ਦੇ ਹੌਂਸਲੇ ਹੋਰ ਵਧ ਜਾਂਦੇ ਹਨ। ਜਥੇਬੰਦੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਕਬਾੜੀਆ ਕਿਸਾਨਾਂ ਦਾ ਚੋਰੀ ਕੀਤਾ ਸਮਾਨ ਖ਼ਰੀਦਦਾ ਫ਼ੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਜਥੇਬੰਦਕ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਪ੍ਰਸ਼ਾਸਨ ਚੋਰਾਂ ਨੂੰ ਫ਼ੜਨ ਤੋਂ ਬਾਅਦ ਵੀ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਵਿਚ ਨਾਕਾਮ ਰਹਿੰਦਾ ਹੈ ਤਾਂ ਜਥੇਬੰਦੀ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ’ਚ ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘਲਕਲਾਂ, ਗੁਰਦੇਵ ਸਿੰਘ ਕਿਸ਼ਨਪੁਰਾ, ਇਕਬਾਲ ਸਿੰਘ ਸਿੰਘਾਵਾਲਾ, ਜਸਵਿੰਦਰ ਸਿੰਘ ਘਲਕਲਾਂ, ਜਗੀਰ ਸਿੰਘ ਹਿੰਮਤਪੁਰਾ, ਕਾਕਾ ਸਿੰਘ ਮਾਛੀਕੇ, ਜਗਜੀਤ ਸਿੰਘ ਕੋਕਰੀ, ਬੂਟਾ ਸਿੰਘ ਭਾਗੀਕੇ, ਗੁਰਚਰਨ ਸਿੰਘ ਰਾਮਾ, ਅਮਰੀਕ ਸਿੰਘ ਘੋਲੀਆਂ, ਹਰਮੇਲ ਸਿੰਘ ਘਾਲੀ, ਲਾਭ ਸਿੰਘ ਗਿੱਲ ਅਤੇ ਜਲੌਰ ਸਿੰਘ ਗਿੱਲ ਸਮੇਤ ਵੱਡੀ ਗਿਣਤੀ ’ਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।