ਮਲੋਟ ’ਚ ਅਵਾਰਾ ਕੁੱਤਿਆਂ ਨੇ ਡਾਕਟਰ ਦੀ ਪਤਨੀ ਨੂੰ ਵੱਢਿਆ
ਮਲੋਟ ’ਚ ਅਵਾਰਾ ਕੁੱਤਿਆਂ ਨੇ ਡਾਕਟਰ ਦੀ ਪਤਨੀ ਨੂੰ ਵੱਢਿਆ
Publish Date: Sun, 19 Apr 2026 07:00 PM (IST)
Updated Date: Sun, 19 Apr 2026 07:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਸ਼ਹਿਰ ’ਚ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਤਾਜ਼ਾ ਮਾਮਲੇ ’ਚ ਸ਼ਹਿਰ ਦੇ ਡੈਂਟਿਸਟ ਡਾ. ਵਿਸ਼ਾਲ ਵਧਵਾ ਦੀ ਪਤਨੀ ਰਿਤੂ ਵਧਵਾ ਤੇ ਇੱਕ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਡਾ. ਵਧਵਾ ਆਪਣੀ ਪਤਨੀ ਨਾਲ ਮੋਟਰਸਾਈਕਲ ਤੇ ਆਪਣੀ ਹੀ ਕਲੋਨੀ ’ਚ ਜਾ ਰਹੇ ਸਨ ਕਿ ਅਚਾਨਕ ਇੱਕ ਅਵਾਰਾ ਕੁੱਤੇ ਨੇ ਉਨ੍ਹਾਂ ਤੇ ਝਪਟਾ ਮਾਰ ਦਿੱਤਾ। ਇਸ ਹਮਲੇ ’ਚ ਰਿਤੂ ਵਧਵਾ ਸੜਕ ਤੇ ਡਿੱਗ ਗਈ ਅਤੇ ਕੁੱਤੇ ਨੇ ਉਨ੍ਹਾਂ ਨੂੰ ਵੱਢ ਲਿਆ। ਹਾਲਾਂਕਿ ਉਹ ਕਿਸੇ ਵੱਡੇ ਹਾਦਸੇ ਤੋਂ ਬਚ ਗਈ, ਪਰ ਇਹ ਘਟਨਾ ਇਲਾਕੇ ਦੀ ਸੁਰੱਖਿਆ ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਦਾਲਤਾਂ ਦਾ ਹਵਾਲਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਰਿਹਾ ਹੈ, ਜਦਕਿ ਦੂਜੇ ਪਾਸੇ ਕੁਝ ਖੁਦ ਨੂੰ ਡੌਗ ਲਵਰ ਦੱਸਣ ਵਾਲੇ ਲੋਕ ਵੀ ਇਨ੍ਹਾਂ ਕੁੱਤਿਆਂ ਦੇ ਪੱਖ ਵਿੱਚ ਖੜ੍ਹੇ ਹੋ ਕੇ ਆਮ ਜਨਤਾ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਹਨ।ਇਸ ਘਟਨਾ ਤੋਂ ਬਾਅਦ ਸ਼ਹਿਰ ਨਿਵਾਸੀਆਂ ਵਿੱਚ ਰੋਸ ਵਧਦਾ ਜਾ ਰਿਹਾ ਹੈ ਅਤੇ ਲੋਕ ਪ੍ਰਸ਼ਾਸਨ ਤੋਂ ਤੁਰੰਤ ਪ੍ਰਭਾਵਸ਼ਾਲੀ ਕਾਰਵਾਈ ਦੀ ਮੰਗ ਕਰ ਰਹੇ ਹਨ। ਡਾ. ਵਿਸ਼ਾਲ ਵਧਵਾ ਨੇ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਹਰ ਰੋਜ਼ ਲਗਭਗ 20 ਲੋਕ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਅਵਾਰਾ ਕੁੱਤਿਆਂ ਦੇ ਆਤੰਕ ਨੂੰ ਰੋਕਣ ਵਿੱਚ ਨਾਕਾਮ ਦਿਖਾਈ ਦੇ ਰਿਹਾ ਹੈ। ਮਲੋਟ ਵਿੱਚ ਫਰਵਰੀ ਮਹੀਨੇ ਵਿੱਚ ਵੀ ਦੋ ਘਟਨਾਵਾਂ ਸਾਹਮਣੇ ਆਈਆਂ ਸਨ, ਜਿਸ ਵਿੱਚ ਕਈ ਲੋਕਾਂ ਨੂੰ ਅਵਾਰਾ ਕੁੱਤਿਆਂ ਦੇ ਝੁੰਡ ਨੇ ਘੇਰ ਕੇ ਬੁਰੀ ਤਰ੍ਹਾਂ ਵੱਢਿਆ ਸੀ। ਇਸੇ ਤਰ੍ਹਾਂ ਪਿਛਲੇ ਮਹੀਨੇ ਵੀ ਸਰਾਏਨਾਗਾ ’ਚ ਘਰ ਦੇ ਬਾਹਰ ਖੇਡ ਰਹੇ ਇੱਕ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ ਸੀ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ।