ਸੰਘਰਸ਼ੀ ਆਗੂਆਂ ਦਾ ਵਿਧਾਨ ਸਭਾ ’ਚ ਪੁੱਜਣਾ ਸਮੇਂ ਦੀ ਲੋੜ : ਗੱਜਣਵਾਲਾ
ਸੂਬਾ ਪ੍ਰਧਾਨ ਜਸਵਿੰਦਰ ਗੰਧੜ ਨੂੰ ਮਲੋਟ ਤੋਂ ਲੜਾਈ ਜਾਵੇ ਚੋਣ : ਗੱਜਣਵਾਲਾ
Publish Date: Wed, 25 Mar 2026 05:26 PM (IST)
Updated Date: Wed, 25 Mar 2026 05:28 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ‘ਆਲ ਇੰਡੀਆ ਮੱਜ੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਪੰਜਾਬ’ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪੰਜਾਬ ਦੀ ਸਿਆਸਤ ’ਚ ਵੱਡਾ ਕਦਮ ਚੁੱਕਦਿਆਂ ਸੂਬੇ ਦੀਆਂ 17 ਸੀਟਾਂ ’ਤੇ ਚੋਣ ਲੜਨ ਦਾ ਵਿਚਾਰ ਕੀਤਾ ਗਿਆ। ਇਸੇ ਤਹਿਤ ਐਸੋਸੀਏਸ਼ਨ ਦੇ ਰਾਜਨੀਤਿਕ ਵਿੰਗ ਦੇ ਪੰਜਾਬ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਾਖਵੇਂ ਵਿਧਾਨ ਸਭਾ ਹਲਕੇ ਮਲੋਟ ਤੋਂ ਚੋਣ ਲੜਾਉਣ ਲਈ ਜਰੂਰੀ ਵਿਚਾਰ-ਵਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸੁਖਮੰਦਰ ਸਿੰਘ ਗੱਜਣਵਾਲਾ, ਨੈਸ਼ਨਲ ਕੋਆਰਡੀਨੇਟਰ ਸ਼ਵਿੰਦਰ ਸਿੰਘ, ਨੈਸ਼ਨਲ ਅਡਵੈਜਰ ਅਮਰੀਕ ਸਿੰਘ ਪਟਿਆਲਾ, ਰਾਜਨੀਤਿਕ ਵਿੰਗ ਦੇ ਨੈਸ਼ਨਲ ਚੇਅਰਮੈਨ ਸਵਰਨ ਸਿੰਘ ਅਜੀਤਵਾਲ, ਪੰਜਾਬ ਪ੍ਰਧਾਨ ਰਜਿੰਦਰ ਸਿੰਘ ਰਿਆੜ ਤੇ ਹੋਰਨਾਂ ਆਗੂਆਂ ਦਾ ਕਹਿਣਾ ਹੈ ਕਿ ਮਲੋਟ ਹਲਕੇ ਦੇ ਲੋਕ ਇੱਕ ਇਮਾਨਦਾਰ, ਪੜ੍ਹੇ ਲਿਖੇ ਅਤੇ ਮਿਹਨਤੀ ਆਗੂ ਤੋਂ ਵਿਹੂਣੇ ਹਨ ਤੇ ਗੰਧੜ ਨੂੰ ਇਲਾਕੇ ਵਿੱਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੂਬੇਦਾਰ ਜਸਵਿੰਦਰ ਸਿੰਘ ਗੰਧੜ ਦਾ ਪਰਿਵਾਰ ਪੀੜ੍ਹੀਆਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੀ ਮਾਤਾ ਰੇਸ਼ਮ ਕੌਰ ਪਿਛਲੇ ਪੰਜ ਸਾਲ ਕਾਂਗਰਸ ਪਾਰਟੀ ਵੱਲੋਂ ਚਿੱਬੜਾਂਵਾਲੀ ਜੋਨ ਤੋਂ ਬਲਾਕ ਸੰਮਤੀ ਮੈਂਬਰ ਰਹਿ ਚੁੱਕੇ ਹਨ ਤੇ ਉਨ੍ਹਾਂ ਦੇ ਪਿਤਾ ਸ. ਮਹਿੰਦਰ ਸਿੰਘ ਦਾ ਵੀ ਹਲਕੇ ਵਿੱਚ ਕਾਫੀ ਪ੍ਰਭਾਵ ਹੈ। ਪ੍ਰਧਾਨ ਗੰਧੜ ਵੀ ਆਪਣੇ ਪਰਿਵਾਰ ਦੀ ਪੈੜ-ਚਾਲ ’ਤੇ ਚੱਲਦਿਆਂ ਸਾਫ਼-ਸੁਥਰੀ ਰਾਜਨੀਤੀ ਰਾਹੀਂ ਲੋਕ ਸੇਵਾ ਕਰਨਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਗੰਧੜ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੇ ਐਸਸੀ. ਵਿਭਾਗ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਦੇ ਸੀਨੀਅਰ ਵਾਇਸ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਉਹ ਸਾਬਕਾ ਸੈਨਿਕਾਂ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਨ। ਦੱਬੇ-ਕੁਚਲੇ ਲੋਕਾਂ ਤੇ ਲੋੜਵੰਦਾਂ ਦੀ ਆਵਾਜ਼ ਬੁਲੰਦ ਕਰਨ ਲਈ ਜਾਣੇ ਜਾਂਦੇ ਹਨ। ਉਹ ਕਾਂਗਰਸ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਜਸਵਿੰਦਰ ਸਿੰਘ ਗੰਧੜ ਨੂੰ ਮੌਕਾ ਦਿੰਦੀ ਹੈ, ਤਾਂ ਉਹ ਪਾਰਟੀ ਦੀਆਂ ਉਮੀਦਾਂ ਤੇ ਖਰੇ ਉਤਰਣਗੇ। ਆਗੂਆਂ ਨੇ ਕਿਹਾ ਕਿ ਅਜਿਹੇ ਸੰਘਰਸ਼ੀ ਲੀਡਰਾਂ ਦਾ ਵਿਧਾਨ ਸਭਾ ਵਿੱਚ ਪਹੁੰਚਣਾ ਸਮੇਂ ਦੀ ਲੋੜ ਹੈ।