ਸਮਾਜ ਸੇਵਾ ਨੂੰ ਸਮਰਪਿਤ ਸਟੇਟ ਅਵਾਰਡੀ ਜਸਪ੍ਰੀਤ ਛਾਬੜਾ
ਸਮਾਜ ਸੇਵਾ ਨੂੰ ਸਮਰਪਿਤ ਸਟੇਟ ਅਵਾਰਡੀ ਜਸਪ੍ਰੀਤ ਛਾਬੜਾ: ਲੋੜਵੰਦਾਂ ਲਈ ਬਣੇ ਉਮੀਦ ਦੀ ਕਿਰਨ
Publish Date: Fri, 08 May 2026 05:37 PM (IST)
Updated Date: Fri, 08 May 2026 05:38 PM (IST)

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਮਾਜ ਸੇਵਾ ਦੇ ਖੇਤਰ ਵਿੱਚ ਸ੍ਰੀ ਮੁਕਤਸਰ ਸਾਹਿਬ ਦਾ ਇੱਕ ਪ੍ਰਮੁੱਖ ਨਾਂ ਜਸਪ੍ਰੀਤ ਸਿੰਘ ਛਾਬੜਾ, ਅੱਜ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਫ੍ਰੀਡਮ ਫਾਈਟਰ ਪਰਿਵਾਰ ਨਾਲ ਸਬੰਧਿਤ ਅਤੇ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਛਾਬੜਾ ਸਾਲ 2006 ਤੋਂ ਲਗਾਤਾਰ ਗ਼ਰੀਬ, ਕਮਜ਼ੋਰ ਅਤੇ ਲੋੜਵੰਦ ਵਰਗਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਜਸਪ੍ਰੀਤ ਛਾਬੜਾ ਵੱਲੋਂ ਚਲਾਈ ਜਾ ਰਹੀ ਐਨਜੀਓ ਮੁਕਤੀਸਰ ਵੈਲਫੇਅਰ ਕਲੱਬ ਨੇ ਸਮਾਜ ਦੇ ਹਰ ਖੇਤਰ ਵਿੱਚ ਵੱਡੀਆਂ ਪੈੜਾਂ ਪਾਈਆਂ ਹਨ। ਪਿਛਲੇ 11 ਸਾਲਾਂ ਤੋਂ ਸਿਲਾਈ ਅਤੇ ਬਿਊਟੀ ਪਾਰਲਰ ਸੈਂਟਰਾਂ ਰਾਹੀਂ 1250 ਤੋਂ ਵੱਧ ਔਰਤਾਂ ਨੂੰ ਸਿਖਲਾਈ ਅਤੇ ਮੁਫ਼ਤ ਕਿੱਟਾਂ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਇਆ। ਸ਼ਹਿਰ ਵਿੱਚ 2 ਚੈਰੀਟੇਬਲ ਲੈਬਾਰਟਰੀਆਂ, ਇੱਕ ਫਿਜ਼ੀਓਥੈਰੇਪੀ ਸੈਂਟਰ ਅਤੇ ਅੱਖਾਂ ਦੇ ਵਿਸ਼ਾਲ ਕੈਂਪਾਂ ਰਾਹੀਂ ਹਜ਼ਾਰਾਂ ਲੋਕਾਂ ਦਾ ਮੁਫ਼ਤ ਇਲਾਜ ਕਰਵਾਇਆ। ਦਿਵਿਆਂਗ ਵਿਅਕਤੀਆਂ ਨੂੰ ਟ੍ਰਾਈਸਾਈਕਲ ਅਤੇ ਹੋਰ ਸਹਾਇਕ ਉਪਕਰਣ ਦੇ ਕੇ ਉਨ੍ਹਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਟੇਟ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਵਜੋਂ ਉਹ ਰੈਲੀਆਂ ਅਤੇ ਨੁੱਕੜ ਨਾਟਕਾਂ ਰਾਹੀਂ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹਨ। ਚਾਹੇ ਕੋਰੋਨਾ ਕਾਲ ਦੌਰਾਨ ਰਾਸ਼ਨ ਅਤੇ ਮੈਡੀਕਲ ਕਿੱਟਾਂ ਦੀ ਵੰਡ ਹੋਵੇ ਜਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 40 ਮੈਂਬਰੀ ਟੀਮ ਨਾਲ ਜਾ ਕੇ ਮਦਦ ਪਹੁੰਚਾਉਣੀ ਹੋਵੇ, ਛਾਬੜਾ ਹਮੇਸ਼ਾ ਮੋਹਰੀ ਰਹੇ ਹਨ। ਸਰਦੀਆਂ ਦੀਆਂ ਰਾਤਾਂ ਵਿੱਚ ਸੜਕਾਂ ਤੇ ਸੌਣ ਵਾਲੇ ਬੇਸਹਾਰਾ ਲੋਕਾਂ ਨੂੰ ਗਰਮ ਕੱਪੜੇ ਅਤੇ ਕੰਬਲ ਵੰਡਣਾ ਉਨ੍ਹਾਂ ਦੀ ਰੋਜ਼ਾਨਾ ਦੀ ਸੇਵਾ ਦਾ ਹਿੱਸਾ ਹੈ। ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਸਦਕਾ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਸੰਸਥਾ ਨੂੰ ਨੈਸ਼ਨਲ ਅਵਾਰਡ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਭਾਈ ਘਨਈਆ ਜੀ ਜੀਵਨ ਰਕਸ਼ਾ ਅਵਾਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਨੇਕਾਂ ਵਾਰ ਪ੍ਰਸ਼ੰਸਾ ਪੱਤਰਾਂ ਨਾਲ ਉਨ੍ਹਾਂ ਨੂੰ ਨਿਵਾਜਿਆ ਗਿਆ ਹੈ। ਜਸਪ੍ਰੀਤ ਸਿੰਘ ਛਾਬੜਾ ਨੇ ਗੱਲਬਾਤ ਦੌਰਾਨ ਕਿਹਾ ਕਿ ਲੋਕ ਆਪਣੇ ਪਰਿਵਾਰ ਲਈ ਜਿਉਂਦੇ ਹਨ, ਪਰ ਮੈਂ ਦੂਜਿਆਂ ਲਈ ਜਿਉਣਾ ਚਾਹੁੰਦਾ ਹਾਂ। ਮੇਰਾ ਜੀਵਨ ਲੋਕਾਂ ਦੀ ਭਲਾਈ ਨੂੰ ਸਮਰਪਿਤ ਹੈ ਅਤੇ ਇਹ ਸੇਵਾ ਨਿਰੰਤਰ ਜਾਰੀ ਰਹੇਗੀ।