ਜੈਤੋ ਵਿਖੇ ਪੌਦਿਆਂ ਅਤੇ ਪੰਛੀਆਂ ਲਈ ਪਾਣੀ ਦੇ ਡੋਂਗਿਆਂ ਦੀ ਸਟਾਲ ਨੇ ਖਿੱਚਿਆ ਲੋਕਾਂ ਦਾ ਧਿਆਨ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਵੱਧ ਰਹੀ ਗਰਮੀ ਅਤੇ ਵਾਤਾਵਰਣ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਦੋ ਸਮਾਜ ਸੇਵੀ ਸੰਸਥਾਵਾਂ ਇਨਸਾਨੀਅਤ ਸੇਵਾ ਸੋਸਾਇਟੀ ਜੈਤੋ (ਐੱਨ.ਐੱਸ.ਆਈ ਦੀ ਏ.ਪੀ.ਏ ਕੈਂਗਣ ਵਾਟਰ ਸਪਾਂਸਰ ਟੀਮ) ਅਤੇ ਉੱਦਮ ਕਲੱਬ ਜੈਤੋ (ਰਜਿ:) ਵੱਲੋਂ ਸਾਂਝੇ ਤੌਰ ’ਤੇ ਸਥਾਨਕ ਗੋਲ ਚੌਂਕ (ਚੌਂਕ ਨੰਬਰ ਇੱਕ) ਵਿਖੇ ਬਿਨਾਂ ਨਫ਼ੇ ਨੁਕਸਾਨ ਦੇ ਪੌਦਿਆਂ ਅਤੇ ਪੰਛੀਆਂ ਲਈ ਪਾਣੀ ਦੇ ਡੋਂਗਿਆਂ ਦੀ ਵਿਸ਼ੇਸ਼ ਸਟਾਲ ਲਗਾਈ ਗਈ। ਇਹ ਸਟਾਲ ਸਵੇਰੇ 10.00 ਵਜੇ ਤੋਂ ਲੈ ਕੇ ਦੁਪਹਿਰ 1.00 ਵਜੇ ਤੱਕ ਲਗਾਈ ਗਈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸਟਾਲ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਪੰਛੀਆਂ ਲਈ ਪਾਣੀ ਪੀਣ ਵਾਲੇ ਡੋਂਗੇ ਪ੍ਰਾਪਤ ਕੀਤੇ ਅਤੇ ਆਪਣੇ ਘਰਾਂ ਦੀਆਂ ਛੱਤਾਂ ’ਤੇ ਰੱਖ ਕੇ ਰੋਜ਼ਾਨਾ ਪਾਣੀ ਭਰਨ ਦਾ ਸੰਕਲਪ ਵੀ ਲਿਆ। ਤਪਦੀ ਗਰਮੀ ਵਿਚ ਬੇਜ਼ੁਬਾਨ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨ ਦੇ ਇਸ ਉਪਰਾਲੇ ਨੂੰ ਲੋਕਾਂ ਨੇ ਮਨੁੱਖਤਾ ਨਾਲ ਜੁੜੀ ਸ਼ਲਾਘਾਯੋਗ ਸੇਵਾ ਕਰਾਰ ਦਿੱਤਾ। ਇਸ ਮੌਕੇ ਪ੍ਰਮੋਦ ਧੀਰ ਨੇ ਦੱਸਿਆ ਕਿ ਲੋਕਾਂ ਵੱਲੋਂ ਇਸ ਸੇਵਾ ਲਈ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਦੇ ਲੋਕ ਸਟਾਲ ’ਤੇ ਪਹੁੰਚੇ ਅਤੇ ਪੰਛੀਆਂ ਦੀ ਸੇਵਾ ਲਈ ਡੋਂਗੇ ਲੈ ਕੇ ਗਏ। ਲੋਕਾਂ ਨੇ ਵਾਅਦਾ ਕੀਤਾ ਕਿ ਉਹ ਨਿਯਮਿਤ ਤੌਰ ’ਤੇ ਇਹਨਾਂ ਡੋਂਗਿਆਂ ਨੂੰ ਸਾਫ਼ ਕਰਕੇ ਪਾਣੀ ਨਾਲ ਭਰਿਆ ਰੱਖਣਗੇ। ਇਸ ਮੌਕੇ ਇਨਸਾਨੀਅਤ ਸੇਵਾ ਸੋਸਾਇਟੀ ਦੇ ਆਗੂ ਅੰਮ੍ਰਿਤ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 350 ਤੋਂ 400 ਪੰਛੀਆਂ ਦੇ ਪਾਣੀ ਵਾਲੇ ਡੋਂਗੇ ਮਿੰਟਾਂ ਵਿਚ ਹੀ ਲੋਕਾਂ ਨੇ ਲਾਈਨਾਂ ਵਿਚ ਲੱਗ ਕੇ ਪ੍ਰਾਪਤ ਕਰ ਲਏ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ 9 ਸਾਲਾਂ ਤੋਂ ਲਗਾਤਾਰ ਇਹ ਸੇਵਾ ਨਿਭਾਈ ਜਾ ਰਹੀ ਹੈ ਅਤੇ ਹਰ ਸਾਲ ਲੋਕਾਂ ਦਾ ਪਿਆਰ ਅਤੇ ਸਹਿਯੋਗ ਵਧਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੰਸਥਾ ਵੱਲੋਂ ਸ਼੍ਰੀ ਮੁਕਤਸਰ ਰੋਡ ਜੈਤੋ ਵਿਖੇ ‘ਖੁਸ਼ੀਆਂ ਦਾ ਵਿਹੜਾ’ ਨਾਮ ਹੇਠ ਬਿਰਧ ਆਸ਼ਰਮ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਬਜ਼ੁਰਗਾਂ ਦੀ ਨਿਰਸਵਾਰਥ ਸੇਵਾ ਕੀਤੀ ਜਾਂਦੀ ਹੈ। ਸਮਾਜ ਸੇਵਾ ਦੇ ਖੇਤਰ ਵਿਚ ਸੰਸਥਾ ਲਗਾਤਾਰ ਅਹਿਮ ਯੋਗਦਾਨ ਪਾ ਰਹੀ ਹੈ। ਦੂਜੇ ਪਾਸੇ, ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਲਗਾਈ ਗਈ ਪੌਦਿਆਂ ਦੀ ਸਟਾਲ ’ਤੇ ਵੀ ਲੋਕਾਂ ਨੇ ਕਾਫ਼ੀ ਦਿਲਚਸਪੀ ਦਿਖਾਈ। ਲੋਕ ਆਪਣੇ ਘਰਾਂ ਅਤੇ ਆਲੇ-ਦੁਆਲੇ ਨੂੰ ਸੁੰਦਰ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਫੁੱਲਦਾਰ ਬੂਟੇ ਲੈ ਕੇ ਗਏ। ਇਸ ਮੌਕੇ ਉੱਦਮ ਕਲੱਬ ਜੈਤੋ ਦੇ ਸਰਪ੍ਰਸਤ ਰੇਸ਼ਮ ਸਿੰਘ ਬਰਾੜ ਨੇ ਦੱਸਿਆ ਕਿ ਕਲੱਬ ਵੱਲੋਂ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਰਾਮਲੀਲਾ ਗਰਾਊਂਡ ਵਿਖੇ ਵੀ ਫੁੱਲਦਾਰ ਪੌਦਿਆਂ ਦੀ ਸਟਾਲ ਲਗਾਈ ਜਾ ਰਹੀ ਹੈ, ਜਿਸ ਦਾ ਸੈਂਕੜੇ ਲੋਕ ਲਾਭ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਅਤੇ ਪੰਛੀਆਂ ਦੀ ਸੇਵਾ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ ਅਤੇ ਹਰ ਵਿਅਕਤੀ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਇਨਸਾਨੀਅਤ ਸੇਵਾ ਸੋਸਾਇਟੀ ਤੇ ਐੱਨ.ਐੱਸ.ਆਈ ਦੇ ਆਗੂ ਅੰਮ੍ਰਿਤ ਅਰੋੜਾ, ਪ੍ਰਮੋਦ ਧੀਰ, ਬਿੱਟੂ, ਗੁਰਮੀਤ ਸਿੰਘ, ਪਰਮਜੀਤ ਸਿੰਘ ਅਤੇ ਉੱਦਮ ਕਲੱਬ ਜੈਤੋ ਦੇ ਸਰਪ੍ਰਸਤ ਰੇਸ਼ਮ ਸਿੰਘ ਬਰਾੜ, ਮੀਤ ਪ੍ਰਧਾਨ ਜਗਦੇਵ ਸਿੰਘ ਢੱਲਾ, ਗੁਰਜੰਗ ਸਿੰਘ, ਮਾਸਟਰ ਸਵਰਨਜੀਤ ਸਿੰਘ, ਡਾ. ਬਲਜੀਤ ਸਿੰਘ, ਜਸਮਾਨ ਸਿੰਘ ਢੱਲਾ, ਲਾਡੀ ਸਿੰਘ, ਸੁਰਿੰਦਰਪਾਲ ਸਿੰਘ ਝੱਖੜਵਾਲਾ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।