ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 68 ਦਿਨਾਂ ’ਚ 258 ਮੁਕੱਦਮੇ ਦਰਜ, 379 ਕਾਬੂ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿਛਲੇ 68 ਦਿਨਾਂ ’ਚ 258 ਮੁਕੱਦਮੇ ਦਰਜ, 379 ਦੋਸ਼ੀ ਕਾਬੂ
Publish Date: Tue, 10 Mar 2026 05:20 PM (IST)
Updated Date: Tue, 10 Mar 2026 05:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀਜੀਪੀ ਪੰਜਾਬ ਗੋਰਵ ਯਾਦਵ ਅਤੇ ਫਰੀਦਕੋਟ ਰੇਂਜ ਦੀ ਡੀਆਈਜੀ ਨਿਲਾਂਬਰੀ ਜਗਦਲੇ ਵਿਜੇ ਆਈਪੀਐਸ ਦੀਆਂ ਹਦਾਇਤਾਂ ਅਨੁਸਾਰ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਆਈਪੀਐਸ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਦੇ ਚਾਰੇ ਸਬ-ਡਵੀਜ਼ਨਾਂ ’ਚ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈਆਂ ਕੀਤੀਆਂ ਗਈਆਂ ਹਨ, ਜੋ ਅੱਗੇ ਵੀ ਜਾਰੀ ਹਨ। ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਤਿਆਰ ਕੀਤੀਆਂ ਵਿਸ਼ੇਸ਼ ਪੁਲਿਸ ਟੀਮਾਂ ਜ਼ਿਲ੍ਹੇ ਅੰਦਰ ਰਾਤ-ਦਿਨ ਸਰਚ ਮੁਹਿੰਮਾਂ ਅਤੇ ਨਾਕਾਬੰਦੀਆਂ ਰਾਹੀਂ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ ਕਾਨੂੰਨੀ ਕਾਰਵਾਈ ਕਰ ਰਹੀਆਂ ਹਨ। ਇਸੇ ਤਹਿਤ, 1 ਜਨਵਰੀ 2026 ਤੋਂ ਅੱਜ ਤੱਕ (ਪਿਛਲੇ 68 ਦਿਨਾਂ) ਦੌਰਾਨ ਕੁੱਲ 258 ਮੁਕੱਦਮੇ ਦਰਜ ਕਰਕੇ 379 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਕਾਰਵਾਈ ਦੌਰਾਨ ਦੋਸ਼ੀਆਂ ਪਾਸੋਂ ਹੈਰੋਇਨ 2.128 ਕਿੱਲੋ ਗ੍ਰਾਮ, ਨਸ਼ੀਲੀਆਂ ਗੋਲੀਆਂ/ਕੈਪਸੂਲ 37848, ਅਫੀਮ 3.149, ਕਿਲੋਗ੍ਰਾਮ, ਪੋਸਤ 188.486 ਕਿੱਲੋਗ੍ਰਾਮ, ਗਾਂਜਾ 976 ਗ੍ਰਾਮ, ਪ੍ਰੈਗਾਬਲੀਨ ਕੈਪਸੂਲ 211185, ਡਰੱਗ ਮਨੀ 270830 ਰੁਪਏ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਕਾਰਵਾਈ ਦੇ ਨਾਲ-ਨਾਲ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਨਤਾ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਵਾਰਡਾਂ, ਸਕੂਲਾਂ ਅਤੇ ਕਾਲਜਾਂ ਵਿੱਚ ਪਿਛਲੇ 68 ਦਿਨਾਂ ਦੌਰਾਨ 222 ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਗਏ ਹਨ। ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਐਸਐਸਪੀ ਨੇ ਸਪਸ਼ਟ ਕੀਤਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਇਕੱਠੀ ਕੀਤੀ ਗਈ ਜਾਇਦਾਦ/ਪ੍ਰਾਪਰਟੀ ਦੀ ਵੈਰੀਫਿਕੇਸ਼ਨ ਉਪਰੰਤ, ਕਾਨੂੰਨ ਅਨੁਸਾਰ ਕੰਪੀਟੈਂਟ ਅਥਾਰਟੀ ਪਾਸੋਂ ਉਸਨੂੰ ਫ੍ਰੀਜ਼ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਜੇਲ੍ਹ ਤੋਂ ਜਮਾਨਤ ’ਤੇ ਬਾਹਰ ਆਏ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ’ਤੇ ਪੁਲਿਸ ਵੱਲੋਂ ਖ਼ਾਸ ਤੌਰ ’ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਨਸ਼ਾ ਤਸਕਰੀ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਸਰਗਰਮੀ ਨੂੰ ਸ਼ੁਰੂਆਤੀ ਪੱਧਰ ’ਤੇ ਹੀ ਰੋਕਿਆ ਜਾ ਸਕੇ ਅਤੇ ਕੋਈ ਵੀ ਨਸ਼ਾ ਤਸਕਰ ਮੁੜ ਤੋਂ ਨਸ਼ਿਆਂ ਦੀ ਤਸਕਰੀ ’ਚ ਸ਼ਾਮਿਲ ਨਾ ਹੋ ਸਕੇ। ਸਮਾਜ ਨੂੰ ਨਸ਼ਾ-ਮੁਕਤ ਬਣਾਉਣ ’ਚ ਲੋਕ ਦੇਣ ਸਹਿਯੋਗ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਇਸ ਮੁਹਿੰਮ ਵਿੱਚ ਪੁਲਿਸ ਦਾ ਪੂਰਾ ਸਹਿਯੋਗ ਕੀਤਾ ਜਾਵੇ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਈ ਜਾਵੇ। ਜੇਕਰ ਕਿਸੇ ਵੀ ਥਾਂ ਨਸ਼ਾ ਵੇਚਣ, ਵਰਤਣ ਜਾਂ ਨਸ਼ਾ ਤਸਕਰੀ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਮਿਲਦੀ ਹੈ, ਤਾਂ ਤੁਰੰਤ ਨੇੜਲੇ ਪੁਲਿਸ ਸਟੇਸ਼ਨ ਜਾਂ ਹੈਲਪਲਾਈਨ ਨੰਬਰਾਂ ਸੇਫ ਪੰਜਾਬ ਹੈਲਪਲਾਈਨ: 97791-00200, ਪੁਲਿਸ ਕੰਟਰੋਲ ਰੂਮ, ਸ੍ਰੀ ਮੁਕਤਸਰ ਸਾਹਿਬ: 80549-42100 ’ਤੇ ਸੰਪਰਕ ਕੀਤਾ ਜਾਵੇ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।