‘ਕਾਸੋ’ ਆਪ੍ਰੇਸ਼ਨ ਤਹਿਤ ਵਿੱਢੀ ਵਿਸ਼ੇਸ਼ ਤਲਾਸ਼ੀ ਮੁਹਿੰਮ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਤਹਿਤ ਵਿਸ਼ੇਸ਼ ਸਰਚ ਅਭਿਆਨ
Publish Date: Mon, 27 Apr 2026 04:22 PM (IST)
Updated Date: Mon, 27 Apr 2026 04:25 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਅਭਿਮੰਨਿਊ ਰਾਣਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਖ਼ਿਲਾਫ ਲਗਾਤਾਰ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ’ਚ ਅੱਜ ਪਿੰਡ ਹਰੀਕੇ ਕਲ੍ਹਾਂ ’ਚ ਵੱਡੇ ਪੱਧਰ ’ਤੇ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਦੌਰਾਨ ਬਚਨ ਸਿੰਘ ਡੀਐਸਪੀ ਸ੍ਰੀ ਮੁਕਤਸਰ ਸਾਹਿਬ ਜੋਰਾ ਸਿੰਘ, ਡੀਐਸਪੀ ਹੈਡਕੁਆਰਟਰ, ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ, ਇੰਸਪੈਕਟਰ ਰਾਜਵੀਰ ਸਿੰਘ, ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਐਸਆਈ ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਬਰੀਵਾਲਾ ਸਮੇਤ ਕੁੱਲ 85 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਕੇ ’ਤੇ ਮੌਜੂਦ ਰਹੇ। ਅਭਿਆਨ ਦੌਰਾਨ ਕਾਸੋ ਆਪਰੇਸ਼ਨ ਤਹਿਤ ਪਿੰਡ ਦੇ ਅੰਦਰੂਨੀ ਅਤੇ ਬਾਹਰੀ ਰਸਤਿਆਂ ’ਤੇ ਮਜ਼ਬੂਤ ਨਾਕੇਬੰਦੀ ਕਰਕੇ ਹਰ ਆਉਣ-ਜਾਣ ਵਾਲੇ ਵਾਹਨ ਅਤੇ ਸੰਦੇਹਜਨਕ ਵਿਅਕਤੀਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਜਿਨ੍ਹਾਂ ਵਿਅਕਤੀਆਂ ਖ਼ਿਲਾਫ ਪਹਿਲਾਂ ਮੁਕੱਦਮੇ ਦਰਜ ਹਨ, ਉਨ੍ਹਾਂ ਦੇ ਘਰਾਂ ਅਤੇ ਹੋਰ ਸੰਦੇਹਜਨਕ ਥਾਵਾਂ ‘ਤੇ ਵੀ ਪੁਲਿਸ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੇ ਨਾਲ-ਨਾਲ ਜਿਨ੍ਹਾਂ ਵਿਅਕਤੀਆਂ ਬਾਰੇ ਨਸ਼ਾ ਤਸਕਰੀ ਜਾਂ ਨਸ਼ਾ ਵੇਚਣ ਸਬੰਧੀ ਗੁਪਤ ਜਾਣਕਾਰੀ ਪ੍ਰਾਪਤ ਹੋਈ ਸੀ, ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ ’ਤੇ ਵੀ ਚੈਕਿੰਗ ਕੀਤੀ ਗਈ। ਨਸ਼ਾ ਕਰਨ ਵਾਲੇ ਵਿਅਕਤੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਨਸ਼ੇ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਲਾਜ ਲਈ ਸਰਕਾਰੀ ਡੀ-ਐਡੀਕਸ਼ਨ ਕੇਂਦਰਾਂ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਕਿਸੇ ਵੀ ਨਸ਼ਾ ਤਸਕਰ ਜਾਂ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜੇਕਰ ਕਿਸੇ ਵੀ ਵਿਅਕਤੀ ਕੋਲ ਨਸ਼ੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੈ, ਤਾਂ ਉਹ ਨਿਡਰ ਹੋ ਕੇ ਪੁਲਿਸ ਨਾਲ ਸਾਂਝੀ ਕਰੇ, ਤਾਂ ਜੋ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਇਹ ਮੁਹਿੰਮ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖੀ ਜਾ ਸਕੇ।