ਸ੍ਰੀ ਮੁਕਤਸਰ ਸਾਹਿਬ ਦਾ ਸਿਵਲ ਹਸਪਤਾਲ ਸਵਾਲਾਂ ਦੇ ਘੇਰੇ ’ਚ
ਸ੍ਰੀ ਮੁਕਤਸਰ ਸਾਹਿਬ ਦਾ ਸਿਵਲ ਹਸਪਤਾਲ ਸਵਾਲਾਂ ਦੇ ਘੇਰੇ ’ਚ
Publish Date: Mon, 18 May 2026 03:32 PM (IST)
Updated Date: Mon, 18 May 2026 03:33 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦਾ ਸਰਕਾਰੀ ਸਿਵਲ ਹਸਪਤਾਲ ਇਸ ਵੇਲੇ ਵਿਵਾਦਾਂ ਅਤੇ ਸੁਰਖੀਆਂ ਵਿੱਚ ਹੈ। ਹਸਪਤਾਲ ਪ੍ਰਬੰਧਨ ’ਤੇ ਇੱਕ ਡਾਕਟਰ ਅਤੇ ਕੁਝ ਕਰਮਚਾਰੀਆਂ ਦੇ ਕਥਿਤ ਦਬਦਬੇ ਕਾਰਨ ਇਸ ਸਰਕਾਰੀ ਸੰਸਥਾ ਦੇ ਕੰਮਕਾਜ ਦੀ ਤੁਲਨਾ ਕਿਸੇ ਪ੍ਰਾਈਵੇਟ ਲਿਮਿਟਡ ਕੰਪਨੀ ਨਾਲ ਕੀਤੀ ਜਾਣ ਲੱਗੀ ਹੈ। ਮਾਮਲਾ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ, ਜਿਸ ਵਿੱਚ ਹਸਪਤਾਲ ਦਾ ਇੱਕ ਸਫ਼ਾਈ ਸੇਵਕ ਮਰੀਜ਼ਾਂ ਦਾ ਡਾਕਟਰੀ ਇਲਾਜ ਕਰਦਾ ਨਜ਼ਰ ਆ ਰਿਹਾ ਹੈ। ਵਾਇਰਲ ਵੀਡੀਓ ਵਿੱਚ ਠੇਕਾ ਅਧਾਰ ’ਤੇ ਪਿਛਲੇ ਕਰੀਬ 20 ਸਾਲਾਂ ਤੋਂ ਕੰਮ ਕਰ ਰਿਹਾ ਸਫ਼ਾਈ ਕਰਮਚਾਰੀ ਦਰਸ਼ਨ ਸਿੰਘ, ਗੋਡਿਆਂ ਦੇ ਆਪਰੇਸ਼ਨ ਕਰਵਾ ਚੁੱਕੇ ਮਰੀਜ਼ਾਂ ਦੀਆਂ ਪੱਟੀਆਂ ਬਦਲਦਾ ਅਤੇ ਜ਼ਖ਼ਮਾਂ ਵਿੱਚ ਪਾਈਆਂ ਮੈਡੀਕਲ ਪਾਈਪਾਂ ਕੱਢਦਾ ਸਾਫ਼ ਦਿਖਾਈ ਦੇ ਰਿਹਾ ਹੈ। ਨਿਯਮਾਂ ਮੁਤਾਬਕ ਇਹ ਬੇਹੱਦ ਸੰਵੇਦਨਸ਼ੀਲ ਕੰਮ ਸਿਰਫ਼ ਮਾਹਿਰ ਡਾਕਟਰਾਂ ਜਾਂ ਨਰਸਿੰਗ ਸਟਾਫ਼ ਵੱਲੋਂ ਕੀਤਾ ਜਾਣਾ ਹੁੰਦਾ ਹੈ। ਸੂਤਰਾਂ ਮੁਤਾਬਕ ਹਸਪਤਾਲ ਦੀ ਇਸ ਵੱਡੀ ਲਾਪਰਵਾਹੀ ਕਾਰਨ ਕਈ ਮਰੀਜ਼ਾਂ ਦੇ ਗੋਡਿਆਂ ਵਿੱਚ ਇਨਫੈਕਸ਼ਨ (ਲਾਗ) ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਨਿਯਮਾਂ ਦੀਆਂ ਉੱਡੀਆਂ ਧੱਜੀਆਂ : ਲੰਬੇ ਸਮੇਂ ਤੋਂ ਇੱਕੋ ਜਗ੍ਹਾ ਤਾਇਨਾਤ ਸਰਕਾਰੀ ਨਿਯਮਾਂ ਅਨੁਸਾਰ ਕੰਟਰੈਕਟ ’ਤੇ ਰੱਖੇ ਸਫ਼ਾਈ ਸੇਵਕਾਂ ਦਾ ਡਿਊਟੀ ਰੋਸਟਰ ਬਣਾਇਆ ਜਾਂਦਾ ਹੈ ਅਤੇ ਹਰ 15 ਦਿਨਾਂ ਬਾਅਦ ਉਨ੍ਹਾਂ ਦੀ ਡਿਊਟੀ ਵੱਖ-ਵੱਖ ਵਿਭਾਗਾਂ ਵਿੱਚ ਬਦਲੀ ਜਾਂਦੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਥਿਤ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਸਦਕਾ ਇਹ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਆਪਰੇਸ਼ਨ ਥੀਏਟਰ (OT) ਵਿੱਚ ਹੀ ਡਿਊਟੀ ਕਰ ਰਿਹਾ ਹੈ। ਜਦੋਂ ਕੋਈ ਡਿਊਟੀ ਨਾ ਹੋਵੇ ਤਾਂ ਮੱਲ੍ਹਮ-ਪੱਟੀ ਕਰ ਦਿੰਦਾ ਹਾਂ : ਸਫ਼ਾਈ ਕਰਮਚਾਰੀ ਸਫਾਈ ਕਰਮਚਾਰੀ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਮੈਂ ਪਿਛਲੇ 22 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਹਾਂ। ਜੇਕਰ ਡਿਊਟੀ ’ਤੇ ਕੋਈ (ਡਾਕਟਰ/ਸਟਾਫ਼) ਨਹੀਂ ਹੁੰਦਾ, ਤਾਂ ਮੈਂ ਮੱਲ੍ਹਮ-ਪੱਟੀ ਕਰ ਦਿੰਦਾ ਹਾਂ। ਜਦੋਂ ਉਸਨੂੰ ਪੁੱਛਿਆ ਗਿਆ ਕਿ ਇਹ ਉਸਦਾ ਅਧਿਕਾਰ ਖੇਤਰ ਨਹੀਂ ਹੈ ਤਾਂ ਉਸ ਨੇ ਕਿਹਾ, ਤੁਸੀਂ ਇਸ ਬਾਰੇ ਐਸਐਮਓ (SMO) ਸਾਹਿਬ ਨਾਲ ਗੱਲ ਕਰ ਲਵੋ। ਦੋਸ਼ੀ ਵਿਰੁੱਧ ਹੋਵੇਗੀ ਕਾਰਵਾਈ : ਡਾ. ਕੁਲਤਾਰ ਸਿੰਘ ਉਧਰ ਜਦ ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ। ਇਸ ਪੂਰੇ ਘਟਨਾਕ੍ਰਮ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਧਰ ਜਦ ਐੱਸਐੱਮਓ ਡਾ. ਰਜੀਵ ਸੱਚਦੇਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਸਟਾਫ਼ ਨੂੰ ਬੁਲਾ ਕੇ ਇਸ ਮਾਮਲੇ ਦੀ ਇਨਕੁਆਰੀ ਕੀਤੀ ਹੈ ਪਰ ਪਿਛਲੇ ਦਿਨਾਂ ’ਚ ਅਜਿਹਾ ਕੁਝ ਨਹੀਂ ਹੋਇਆ। ਹਾਲਾਂਕਿ, ਮੈਂ ਹੁਣ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਅਧਿਕਾਰਤ ਮੈਡੀਕਲ ਸਟਾਫ਼ ਅਤੇ ਵਾਰਡਨ ਤੋਂ ਬਿਨਾਂ ਕੋਈ ਵੀ ਬਾਹਰੀ ਜਾਂ ਗੈਰ-ਮੈਡੀਕਲ ਕਰਮਚਾਰੀ ਮਰੀਜ਼ਾਂ ਨੂੰ ਡੀਲ ਨਹੀਂ ਕਰੇਗਾ। ਜਦੋਂ ਐਸਐਮਓ ਸਾਹਿਬ ਨੂੰ ਦੱਸਿਆ ਗਿਆ ਕਿ ਸਫ਼ਾਈ ਸੇਵਕ ਖੁਦ ਲੰਮੇ ਸਮੇਂ ਤੋਂ ਇਹ ਕੰਮ ਕਰਨ ਦਾ ਦਾਅਵਾ ਕਰ ਰਿਹਾ ਹੈ, ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਬੰਧਤ ਡਾਕਟਰ ਦੀ ਜਵਾਬ-ਤਲਬੀ ਕਰਨਗੇ। ਕੀ ਕਹਿਣਾ ਠੇਕੇਦਾਰ ਦਾ ਕੰਟਰੈਕਟ (ਠੇਕੇ) ’ਤੇ ਰੱਖੇ ਗਏ ਸਫ਼ਾਈ ਸੇਵਕਾਂ ਬਾਰੇ ਜਦੋਂ ਸਬੰਧਤ ਠੇਕੇਦਾਰ ਦੀਪਕ ਵਰਮਾ ਨਾਲ ਗੱਲ ਕੀਤੀ ਗਈ ਅਤੇ ਪੁੱਛਿਆ ਗਿਆ ਕਿ ਇਨ੍ਹਾਂ ਕਰਮਚਾਰੀਆਂ ਦਾ ਡਿਊਟੀ ਰੋਸਟਰ ਕੌਣ ਤਿਆਰ ਕਰਦਾ ਹੈ, ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਡਿਊਟੀ ਰੋਸਟਰ ਹਸਪਤਾਲ ਦੀਆਂ ਐਨ.ਐਸ. (ਨਰਸਿੰਗ ਸੁਪਰਡੈਂਟ) ਵੱਲੋਂ ਹੀ ਬਣਾਇਆ ਜਾਂਦਾ ਹੈ। ਜਦੋਂ ਠੇਕੇਦਾਰ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਗਿਆ ਕਿ ਇੱਕ ਸਫ਼ਾਈ ਸੇਵਕ ਵੱਲੋਂ ਮਰੀਜ਼ਾਂ ਦੀਆਂ ਪੱਟੀਆਂ ਕਰਨ ਸਮੇਤ ਹੋਰ ਤਕਨੀਕੀ ਡਾਕਟਰੀ ਕੰਮ ਕੀਤੇ ਜਾ ਰਹੇ ਹਨ, ਤਾਂ ਉਨ੍ਹਾਂ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਉਹ ਆਪਣੇ ਪੱਧਰ ’ਤੇ ਇਸ ਸਬੰਧੀ ਤੁਰੰਤ ਡੂੰਘਾਈ ਨਾਲ ਪੜਤਾਲ (ਇਨਕੁਆਰੀ) ਕਰਵਾਉਣਗੇ।