ਵਿਧਾਇਕ ਅਮੋਲਕ ਸਿੰਘ ਦੇ ਕਾਰਜਾਂ ਦੀ ਕੀਤੀ ਸ਼ਲਾਘਾ
ਵਿਧਾਇਕ ਅਮੋਲਕ ਸਿੰਘ ਨੇ ਕਰੋੜਾਂ ਰੁਪਏ ਖ਼ਰਚ ਕੇ ਹਲਕੇ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ : ‘ਆਪ ਆਗੂ’
Publish Date: Sat, 02 May 2026 04:28 PM (IST)
Updated Date: Sun, 03 May 2026 04:06 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ, ਪੜ੍ਹਾਈ ਵਿਚ ਚੰਗਾ ਮੁਕਾਮ ਹਾਸਿਲ ਕਰਨ ਲਈ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਧਾਨ ਸਭਾ ਹਲਕਾ ਜੈੋਤੋ ਅਧੀਨ ਆਉਂਦੇ ਸਰਕਾਰੀ ਸਕੂਲਾਂ ਵਿਚ ਵਿਕਾਸ ਕੰਮ ਕਰਵਾਉਂਦੇ ਹੋਏ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਿੰਡ ਡੋਡ ਦੇ ਸਰਪੰਚ ਕੁਲਦੀਪ ਸਿੰਘ ਗਿੱਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਿੰਡ ਗੋਬਿੰਦਗੜ੍ਹ (ਦਬੜ੍ਹੀਖਾਨਾ) ਦੇ ਸਰਪੰਚ ਹਰਦੀਪਕ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਿੰਡ ਸਿਬੀਆਂ ਦੇ ਸਰਪੰਚ ਹਰਜੀਤ ਸਿੰਘ ਬਰਾੜ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੋਠੇ ਚੰਦ ਸਿੰਘ ਵਾਲੇ (ਜੈਤੋ) ਦੇ ਸਰਪੰਚ ਜਸਪਾਲ ਸਿੰਘ ‘ਜੱਸੀ ਬਰਾੜ’, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਿੰਡ ਦਲ ਸਿੰਘ ਵਾਲਾ ਦੇ ਸਰਪੰਚ ਡਾ. ਗੁਰਲਾਲ ਸਿੰਘ ਬਰਾੜ, ਪਿੰਡ ਗੁਲਾਬਗੜ੍ਹ (ਰੋੜੀਕਪੂਰਾ) ਦੇ ਸਰਪੰਚ ਅਰਵਿੰਦਰ ਸਿੰਘ ‘ਬਿੰਦਰ ਬਰਾੜ’ ਅਤੇ ਪਿੰਡ ਨਵਾਂ ਰੋੜੀਕਪੂਰਾ ਦੇ ਸਰਪੰਚ ਜਸਕਰਨ ਸਿੰਘ ‘ਜੱਸ ਬਰਾੜ’ ਨੇ ਸਾਂਝੇ ਤੌਰ ’ਤੇ ਇੱਥੇ ਗੱਲਬਾਤ ਕਰਦਿਆਂ ਕੀਤਾ। ‘ਆਪ’ ਆਗੂਆਂ ਨੇੇ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਅਧੀਨ ਆ ਰਹੇ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਵੱਲੋ ਹੁਣ ਤੱਕ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਪਿਛਲੀਆਂ ਸਰਕਾਰਾਂ ਦੇ ਕੰਮਾਂ ’ਤੇ ਸਵਾਲ ਚੁੱਕਦਿਆਂ ਕਿਹਾ ਉਹਨਾਂ ਸਿੱਖਿਆ ਪ੍ਰਬੰਧਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਿਚ ਕਮੀ ਆਉਂਦੀ ਰਹੀ ਅਤੇ ਸਕੂਲ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਖੇਤਰ ਵਿਚ ਬੇਮਿਸਾਲ ਪ੍ਰਾਪਤੀਆਂ ਕੀਤੀਆਂ ਹਨ, ਜਿਸ ਦੇ ਫਲਸਰੂਪ ਆਪਣੇ ਬੱਚਿਆਂ ਦੀ ਪੜ੍ਹਾਈ ਕਰਵਾਉਣ ਲਈ ਹਲਕੇ ਦੇ ਸਰਕਾਰੀ ਸਕੂਲ ਮਾਪਿਆਂ ਦੀ ਪਹਿਲੀ ਪਸੰੰਦ ਬਣ ਚੁੱਕੇ ਹਨ।