ਲੈਕਚਰਾਰ ਬਲਵਿੰਦਰ ਸਿੰਘ ਹੋਏ ਸੇਵਾ ਮੁਕਤ
ਸਿੱਖਿਆ ਦੇ ਪਵਿੱਤਰ ਖੇਤਰ ਵਿਚ
Publish Date: Tue, 28 Apr 2026 04:37 PM (IST)
Updated Date: Wed, 29 Apr 2026 04:04 AM (IST)

ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ: ਸਿੱਖਿਆ ਦੇ ਪਵਿੱਤਰ ਖੇਤਰ ਵਿਚ ਆਪਣੀ ਨਿਸ਼ਕਾਮ, ਇਮਾਨਦਾਰ ਅਤੇ ਸਮਰਪਿਤ ਸੇਵਾ ਨਾਲ ਅਨੇਕਾਂ ਜ਼ਿੰਦਗੀਆਂ ਨੂੰ ਰੌਸ਼ਨ ਕਰਨ ਵਾਲੇ ਲੈਕਚਰਾਰ ਬਲਵਿੰਦਰ ਸਿੰਘ 30 ਅਪ੍ਰੈਲ 2026 ਨੂੰ ਸਰਕਾਰੀ ਨਿਯਮਾਂ ਅਨੁਸਾਰ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਦੀ ਰਿਟਾਇਰਮੈਂਟ ਸਿਰਫ਼ ਇਕ ਅਧਿਆਪਕ ਦੀ ਵਿਦਾਈ ਨਹੀਂ, ਸਗੋਂ ਇਕ ਅਜਿਹੇ ਮਾਰਗਦਰਸ਼ਕ, ਸੰਸਕਾਰਕ ਅਤੇ ਪ੍ਰੇਰਣਾਦਾਇਕ ਸ਼ਖ਼ਸੀਅਤ ਨਾਲ ਵਿਛੋੜੇ ਦਾ ਪਲ ਹੈ, ਜਿਸ ਨੇ ਪੀੜ੍ਹੀਆਂ ਨੂੰ ਸਹੀ ਰਾਹ ਦਿਖਾਇਆ। ਪਿੰਡ ਵਾੜਾ ਪੋਹ ਵਿੰਡੀਆ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਦੀ ਧਰਤੀ ’ਤੇ 30 ਅਪ੍ਰੈਲ 1968 ਨੂੰ ਜਨਮੇ ਬਲਵਿੰਦਰ ਸਿੰਘ ਨੇ ਆਪਣੇ ਮਾਤਾ-ਪਿਤਾ ਨਿਰੰਜਨ ਸਿੰਘ ਅਤੇ ਮਲਕੀਤ ਕੌਰ ਦੇ ਸੰਸਕਾਰਾਂ ਨੂੰ ਜੀਵਨ ਭਰ ਆਪਣੀ ਸ਼ਖ਼ਸੀਅਤ ਦਾ ਅਟੁੱਟ ਹਿੱਸਾ ਬਣਾਇਆ। ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕਰਕੇ ਉਨ੍ਹਾਂ ਨੇ ਉੱਚ ਸਿੱਖਿਆ ਦੇ ਪੜਾਅ ਵੀ ਬੜੀ ਲਗਨ ਨਾਲ ਪੂਰੇ ਕੀਤੇ। ਬੀਏ, ਬੀਐੱਡ ਅਤੇ ਐੱਮਏ ਦੀਆਂ ਡਿਗਰੀਆਂ ਹਾਸਲ ਕਰਕੇ ਉਨ੍ਹਾਂ ਨੇ ਸਿੱਖਿਆ ਦੇ ਮੈਦਾਨ ਵਿਚ ਆਪਣਾ ਅਮੋਲ ਯੋਗਦਾਨ ਦੇਣ ਲਈ ਮਜ਼ਬੂਤ ਨੀਂਹ ਰੱਖੀ। ਸਾਲ 1994 ਵਿਚ ਸਰਕਾਰੀ ਮਿਡਲ ਸਕੂਲ ਦੋਲੇਵਾਲਾ ਮਾਇਰ ਤੋਂ ਅਧਿਆਪਕ ਵਜੋਂ ਸ਼ੁਰੂ ਹੋਇਆ ਇਹ ਸਫ਼ਰ ਲਗਭਗ 32 ਸਾਲਾਂ ਤੱਕ ਬੇਮਿਸਾਲ ਰਿਹਾ। ਉਨ੍ਹਾਂ ਨੇ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੱਤਾ, ਸਗੋਂ ਵਿਦਿਆਰਥੀਆਂ ਦੇ ਮਨਾਂ ਵਿਚ ਸੱਚਾਈ, ਅਨੁਸ਼ਾਸਨ ਅਤੇ ਉੱਚੇ ਆਦਰਸ਼ਾਂ ਦੇ ਬੀਜ਼ ਵੀ ਬੀਜੇ। ਉਨ੍ਹਾਂ ਦੀ ਮਿਹਨਤ ਅਤੇ ਲਗਨ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਪੰਜਾਬੀ ਵਿਸ਼ੇ ਦੇ ਲੈਕਚਰਾਰ ਵਜੋਂ ਤਰੱਕੀ ਮਿਲੀ ਅਤੇ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ (ਪੂਰਬੀ) ਅਤੇ ਖੋਸਾ ਕੋਟਲਾ ਵਿਚ ਆਪਣੀਆਂ ਸੇਵਾਵਾਂ ਨਾਲ ਸਿੱਖਿਆ ਦਾ ਮਿਆਰ ਉੱਚਾ ਕੀਤਾ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਉਨ੍ਹਾਂ ਦੇ ਮੁੱਲਾਂ ਦੀ ਝਲਕ ਪੇਸ਼ ਕਰਦੀ ਹੈ। ਸਾਲ 1991 ਵਿਚ ਗੁਰਵਿੰਦਰ ਕੌਰ ਨਾਲ ਵਿਆਹ ਬਾਅਦ ਉਨ੍ਹਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਬੜੀ ਸੰਵੇਦਨਸ਼ੀਲਤਾ ਨਾਲ ਨਿਭਾਇਆ। ਉਨ੍ਹਾਂ ਦੇ ਤਿੰਨ ਬੱਚੇ ਆਪਣੇ-ਆਪਣੇ ਖੇਤਰਾਂ ਵਿਚ ਕਾਮਯਾਬੀ ਦੀਆਂ ਨਵੀਆਂ ਉਚਾਈਆਂ ਛੂਹ ਰਹੇ ਹਨ, ਜੋ ਉਨ੍ਹਾਂ ਦੀ ਸੰਸਕਾਰਮਈ ਪਰਵਿਰਸ਼ ਦਾ ਜੀਵੰਤ ਸਬੂਤ ਹੈ। ਬਲਵਿੰਦਰ ਸਿੰਘ ਦੀ ਸ਼ਖ਼ਸੀਅਤ ਸਾਦਗੀ, ਨਿਮਰਤਾ ਅਤੇ ਇਮਾਨਦਾਰੀ ਦਾ ਸੁੰਦਰ ਮੇਲ ਰਹੀ ਹੈ। ਉਹ ਹਮੇਸ਼ਾਂ ਆਪਣੇ ਵਿਦਿਆਰਥੀਆਂ ਅਤੇ ਸਹਿਕਰਮੀਆਂ ਲਈ ਪ੍ਰੇਰਣਾ ਦਾ ਸਰੋਤ ਬਣੇ ਰਹੇ। ਉਨ੍ਹਾਂ ਦੀ ਕਲਾਸਰੂਮ ਵਿਚ ਮੌਜੂਦਗੀ ਸਿਰਫ਼ ਪਾਠ ਪੜ੍ਹਾਉਣ ਤੱਕ ਸੀਮਿਤ ਨਹੀਂ ਸੀ, ਸਗੋਂ ਉਹ ਜੀਵਨ ਜੀਣ ਦੀ ਕਲਾ ਵੀ ਸਿਖਾਉਂਦੇ ਰਹੇ। ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਦਿਲੋਂ ਸ਼ੁਭਕਾਮਨਾਵਾਂ ਅਤੇ ਦੁਆਵਾਂ ਭੇਟ ਕੀਤੀਆਂ ਗਈਆਂ।