ਈ-ਰਿਕਸ਼ਾ ਡਰਾਈਵਰਾਂ ਲਈ ਵਿਸ਼ੇਸ਼ ਜਾਗਰੂਕਤਾ ਕੈਂਪ
ਮੋਗਾ ਪੁਲਿਸ ਵੱਲੋਂ ਸੜਕ ਸੁਰੱਖਿਆ
Publish Date: Tue, 28 Apr 2026 06:02 PM (IST)
Updated Date: Wed, 29 Apr 2026 04:10 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਪੁਲਿਸ ਵੱਲੋਂ ਸੜਕ ਸੁਰੱਖਿਆ ਅਤੇ ਸਮਾਜਿਕ ਜਾਗਰੂਕਤਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੀ ਕੜੀ ਤਹਿਤ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਡੀਐੱਸਪੀ ਸਬ ਡਿਵੀਜ਼ਨ ਮੋਗਾ ਜਤਿੰਦਰ ਸਿੰਘ ਅਤੇ ਡੀਐੱਸਪੀ ਟਰੈਫਿਕ ਮੋਗਾ ਦੀ ਰਹਿਨੁਮਾਈ ਹੇਠ ਈ-ਰਿਕਸ਼ਾ ਯੂਨੀਅਨ ਮੋਗਾ ਦੇ ਡਰਾਈਵਰਾਂ ਲਈ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਦੇ ਇੰਚਾਰਜ ਏਐੱਸਆਈ ਕੇਵਲ ਸਿੰਘ ਵੱਲੋਂ ਡਰਾਈਵਰਾਂ ਨੂੰ ਸੰਬੋਧਨ ਕਰਦਿਆਂ ਟਰੈਫਿਕ ਚਿੰਨ੍ਹਾਂ ਅਤੇ ਨਿਯਮਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸੜਕਾਂ ’ਤੇ ਸੁਰੱਖਿਅਤ ਯਾਤਰਾ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ ਅਤੇ ਇਹ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਡਰਾਈਵਰਾਂ ਨੂੰ ਡਰਾਈਵਿੰਗ ਲਾਈਸੈਂਸ ਬਣਵਾਉਣ, ਵਾਹਨਾਂ ਦੇ ਸਾਰੇ ਜ਼ਰੂਰੀ ਦਸਤਾਵੇਜ਼ ਪੂਰੇ ਰੱਖਣ, ਓਵਰਸਪੀਡ ਤੋਂ ਬਚਣ ਅਤੇ ਨਿਯਮਾਂ ਅਨੁਸਾਰ ਵਾਹਨ ਚਲਾਉਣ ਲਈ ਪ੍ਰੇਰਿਤ ਕੀਤਾ। ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਹੈਲਮੇਟ ਦੀ ਲਾਜ਼ਮੀ ਵਰਤੋਂ ਕਰਨ ਦੀ ਹਦਾਇਤ ਦਿੱਤੀ ਗਈ ਅਤੇ ਨਸ਼ੇ ਦੀ ਹਾਲਤ ਵਿਚ ਵਾਹਨ ਚਲਾਉਣ ਤੋਂ ਸਖ਼ਤ ਮਨਾਹੀ ਕੀਤੀ ਗਈ। ਇਸ ਮੌਕੇ 112 ਐਮਰਜੈਂਸੀ ਹੈਲਪਲਾਈਨ ਨੰਬਰ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਫ਼ੈਲਾਉਂਦਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਚੇਤਾਵਨੀ ਦਿੱਤੀ ਗਈ ਅਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਨੰਬਰ ’ਤੇ ਸਾਂਝੀ ਕਰਨ ਦੀ ਅਪੀਲ ਕੀਤੀ ਗਈ। ਸਾਈਬਰ ਕ੍ਰਾਈਮ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ’ਚ ਰੱਖਦਿਆਂ ਡਰਾਈਵਰਾਂ ਨੂੰ ਆਨਲਾਈਨ ਠੱਗੀਆਂ ਤੋਂ ਬਚਣ ਲਈ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਸ਼ੱਕੀ ਕਾਲ, ਲਿੰਕ ਜਾਂ ਮੈਸੇਜ ਤੋਂ ਸਾਵਧਾਨ ਰਹਿਣ ਅਤੇ ਠੱਗੀ ਦਾ ਸ਼ਿਕਾਰ ਹੋਣ ਦੀ ਸਥਿਤੀ ਵਿੱਚ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਐੱਸਆਈ ਸੁਖਮੰਦਰ ਸਿੰਘ ਇੰਚਾਰਜ ਟਰੈਫਿਕ ਸਟਾਫ਼ ਮੋਗਾ, ਏਐੱਸਆਈ ਮਲਕੀਤ ਸਿੰਘ ਸਮੇਤ ਹੋਰ ਟਰੈਫਿਕ ਅਧਿਕਾਰੀ ਅਤੇ ਈ-ਰਿਕਸ਼ਾ ਯੂਨੀਅਨ ਦੇ ਕਈ ਮੈਂਬਰ ਵੀ ਮੌਜੂਦ ਰਹੇ। ਕੈਂਪ ਦੇ ਅੰਤ ਵਿਚ ਡਰਾਈਵਰਾਂ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਭਰੋਸਾ ਦਿੱਤਾ ਗਿਆ।