ਨੈਸ਼ਨਲ ਗੱਤਕਾ ਮੁਕਾਬਲਿਆਂ ’ਚ ਜੇਤੂ ਬੱਚਿਆਂ ਦਾ ਸਪੀਕਰ ਸੰਧਵਾਂ ਵੱਲੋਂ ਸਨਮਾਨ
ਨੈਸ਼ਨਲ ਗਤਕਾ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਦਾ ਸਪੀਕਰ ਸੰਧਵਾਂ ਵੱਲੋਂ ਵਿਸ਼ੇਸ਼ ਸਨਮਾਨ
Publish Date: Sun, 19 Oct 2025 05:03 PM (IST)
Updated Date: Sun, 19 Oct 2025 05:05 PM (IST)

- 9 ਗੋਲਡ ਮੈਡਲ ਤੇ 2 ਕਾਂਸੀ ਦੇ ਤਮਗੇ ਜਿੱਤਣ ਵਾਲੇ ਬੱਚਿਆਂ ਦੀ ਕੀਤੀ ਪ੍ਰਸ਼ੰਸਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਬਾਬਾ ਦੀਪ ਸਿੰਘ ਗਤਕਾ ਸੁਸਾਇਟੀ ਦੇ ਬੱਚਿਆਂ ਵੱਲੋਂ ਕੋਚ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਦਿੱਲੀ ਵਿਖੇ 22 ਸੂਬਿਆਂ ਦੇ ਹੋਏ ਕੌਮੀ ਪੱਧਰ ਮੁਕਾਬਲਿਆਂ ਦੌਰਾਨ 9 ਗੋਲਡ ਮੈਡਲ ਅਤੇ 2 ਕਾਂਸੀ ਦੇ ਤਮਗੇ ਜਿੱਤਣ ’ਤੇ ਉਕਤ ਟੀਮ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਪਣੇ ਗ੍ਰਹਿ ਪਿੰਡ ਸੰਧਵਾਂ ਵਿਖੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਪੀਕਰ ਸੰਧਵਾਂ ਨੇ ਸਾਰੇ ਬੱਚਿਆਂ ਨੂੰ ਆਸ਼ੀਰਵਾਦ ਅਤੇ ਦੁਆਵਾਂ ਦਿੰਦਿਆਂ ਆਖਿਆ ਕਿ ਗੱਤਕਾ ਇੱਕ ਖੇਡ ਹੀ ਨਹੀਂ, ਬਲਕਿ ਇੱਕ ਕਲਾ ਹੈ। ਇਸ ਤੋਂ ਇਲਾਵਾ ਸਵੈ ਰੱਖਿਆ ਲਈ ਬਹੁਤ ਵਧੀਆ ਤਕਨੀਕ ਹੈ। ਉਨ੍ਹਾਂ ਗੱਤਕਾ ਕੋਚ ਗੁਰਪ੍ਰੀਤ ਸਿੰਘ ਖਾਲਸਾ ਅਤੇ ਸਮਾਜ ਸੇਵੀ ਬਲਤੇਜ ਸਿੰਘ ਖਾਲਸਾ ਦੇ ਉਕਤ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਅ ਕੇ ਨੈਤਿਕਤਾ ਦਾ ਪਾਠ ਪੜ੍ਹਾਉਣਾ, ਗੱਤਕਾ ਕਲਾ ਨਾਲ ਜੋੜਨਾ ਅਤੇ ਅਜਿਹੀ ਕਾਬਲੀਅਤ ਪੈਦਾ ਕਰਨੀ, ਜਿਸ ਨਾਲ ਬੱਚੇ ਸਟੇਟ ਅਤੇ ਨੈਸ਼ਨਲ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਣ ਦੇ ਕਾਬਲ ਬਣੇ। ਇਸ ਮੌਕੇ ਸਪੀਕਰ ਸੰਧਵਾਂ ਨੇ ਜੇਤੂ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਅਤੇ ਆਰਟ ਪ੍ਰਤੀ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਖਰਚਿਆ ਜਾ ਰਿਹਾ ਹੈ। ਗੁਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀਆਂ ਕੋਸ਼ਿਸ਼ਾਂ ਸਦਕਾ ਇਸ ਵਾਰ ਕੋਟਕਪੂਰੇ ਦੇ 12 ਬੱਚੇ ਦਿੱਲੀ ਵਿਖੇ ਗੱਤਕੇ ਦੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਗਏ ਸਨ, ਜਿਨ੍ਹਾਂ ਵਿੱਚੋਂ 9 ਬੱਚਿਆਂ ਨੇ ਸੋਨੇ ਦੇ ਮੈਡਲ, ਜਦਕਿ ਦੋ ਬੱਚਿਆਂ ਨੇ ਕਾਂਸੀ ਦੇ ਤਮਗੇ ਜਿੱਤ ਕੇ ਮੀਲ ਪੱਥਰ ਸਥਾਪਿਤ ਕੀਤਾ। ਉਨ੍ਹਾਂ ਦੱਸਿਆ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਲੀਡਰਾਂ ਨੇ ਵੱਡੇ ਵੱਡੇ ਵਾਅਦੇ, ਦਾਅਵੇ ਤਾਂ ਕੀਤੇ ਪਰ ਉਹ ਲਾਰੇ ਸਾਬਿਤ ਹੋਏ, ਕਿਉਂਕਿ ਸਪੀਕਰ ਸੰਧਵਾਂ ਨੇ ਹੁਣ ਤਕ ਜੋ ਗੱਲ ਆਖੀ, ਉਸ ’ਤੇ ਪਹਿਰਾ ਵੀ ਦਿੱਤਾ। ਇਸ ਮੌਕੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਫਰੀਦਕੋਟ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਸਰਪ੍ਰਸਤ ਬਲਤੇਜ ਸਿੰਘ ਖਾਲਸਾ ਅਤੇ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।