ਫਰੀਦਕੋਟ ਹਲਕੇ ਦੀਆਂ ਮੰਡੀਆਂ ਦੇ ਦੌਰੇ ਤੋਂ ਬਾਅਦ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਜਨਹਿਤ ਅਰਜ਼ੀ ਭੇਜੀ – ਅਰਸ਼ ਸੱਚਰ
ਕਿਸਾਨੀ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਜਨਹਿਤ ਅਰਜ਼ੀ ਭੇਜੀ – ਅਰਸ਼ ਸੱਚਰ
Publish Date: Sun, 10 May 2026 05:28 PM (IST)
Updated Date: Mon, 11 May 2026 04:04 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਫਰੀਦਕੋਟ ਦੇ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਦੱਸਿਆ ਕਿ ਕਣਕ ਖਰੀਦ ਸੀਜ਼ਨ ਅਪ੍ਰੈਲ–ਮਈ 2026 ਦੌਰਾਨ ਉਨ੍ਹਾਂ ਵੱਲੋਂ ਫਰੀਦਕੋਟ ਵਿਧਾਨਸਭਾ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ, ਜਿਨ੍ਹਾਂ ਵਿੱਚ ਦੀਪ ਸਿੰਘ ਵਾਲਾ, ਕਾਉਣੀ, ਜੰਡ ਸਾਹਿਬ, ਸ਼ੇਰ ਸਿੰਘ ਵਾਲਾ, ਮਹਿਮੂਆਣਾ, ਮਚਾਕੀ ਕਲਾਂ, ਮਚਾਕੀ ਮੱਲ ਸਿੰਘ, ਸੁਖਨਵਾਲਾ, ਨਵਾ ਕਿਲਾ, ਪੱਖੀ ਕਲਾਂ, ਹਰਦਿਆਲੇਆਣਾ, ਕਾਬਲਵਾਲਾ, ਸਾਧਾਂਵਾਲਾ, ਡੋਡ, ਘੁੱਗਿਆਣਾ ਅਤੇ ਅਰਾਈਆਂਵਾਲਾ ਕਲਾਂ ਸ਼ਾਮਲ ਹਨ, ਦਾ ਦੌਰਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਦੌਰੇ ਦੌਰਾਨ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਅਤੇ ਪਿੰਡਾਂ ਦੇ ਨੁਮਾਇੰਦਿਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਗਈ, ਜਿਸ ਦੌਰਾਨ ਮੰਡੀਆਂ ਵਿੱਚ ਕਈ ਗੰਭੀਰ ਅਤੇ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਸਾਹਮਣੇ ਆਈਆਂ। ਅਰਸ਼ ਸੱਚਰ ਨੇ ਦੱਸਿਆ ਕਿ ਲਗਭਗ ਹਰ ਮੰਡੀ ਵਿੱਚ ਕਿਸਾਨਾਂ ਨੇ ਡਿਜੀਟਲ ਕੰਡਿਆਂ ਦੀ ਘਾਟ, ਮੌਇਸਚਰ ਚੈੱਕਿੰਗ ਵਿੱਚ ਪਾਰਦਰਸ਼ਤਾ ਦੀ ਕਮੀ, ਟੁੱਟੀਆਂ ਸੜਕਾਂ, ਕੱਚੇ ਅਤੇ ਨੀਵੇਂ ਫੜ੍ਹ, ਸ਼ੈੱਡਾਂ ਦੀ ਘਾਟ, ਬੈਠਣ ਲਈ ਬੈਂਚਾਂ ਦੀ ਕਮੀ, ਟਾਇਲਟਾਂ ਦੀ ਮਾੜੀ ਹਾਲਤ ਅਤੇ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਵਰਗੇ ਮੁੱਦੇ ਉਠਾਏ। ਉਨ੍ਹਾਂ ਖਾਸ ਤੌਰ ‘ਤੇ ਮੌਇਸਚਰ ਚੈੱਕਿੰਗ ਸਬੰਧੀ ਗੰਭੀਰ ਚਿੰਤਾ ਜਤਾਈ ਕਿ ਕਈ ਵਾਰ ਸਰਕਾਰੀ ਮਸ਼ੀਨਾਂ ਅਤੇ ਪ੍ਰਾਈਵੇਟ ਮਸ਼ੀਨਾਂ ਦੀ ਰੀਡਿੰਗ ਵਿੱਚ ਵੱਡਾ ਫਰਕ ਵੇਖਣ ਨੂੰ ਮਿਲਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਬੇਵਜ੍ਹਾ ਪ੍ਰੇਸ਼ਾਨੀ ਅਤੇ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਅਤੇ ਟੈਕਨੀਕਲ ਜਾਂਚ ਕਰਵਾਈ ਜਾਵੇ ਅਤੇ ਸਰਕਾਰੀ ਮਸ਼ੀਨਾਂ ਦੀ ਰਿਪੋਰਟ ਨੂੰ ਤਰਜੀਹ ਦਿੱਤੀ ਜਾਵੇ। ਅਰਸ਼ ਸੱਚਰ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਮੰਡੀਆਂ ਦੀ ਗ੍ਰਾਊਂਡ ਰਿਪੋਰਟ ਤਿਆਰ ਕਰਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਸੰਬੰਧਿਤ ਵਿਭਾਗਾਂ ਨੂੰ ਵਿਸਥਾਰਪੂਰਵਕ ਜਨਹਿਤ ਅਰਜ਼ੀ ਭੇਜੀ ਗਈ ਹੈ, ਤਾਂ ਜੋ ਅਗਲੇ ਝੋਨਾ ਖਰੀਦ ਸੀਜ਼ਨ (ਅਕਤੂਬਰ 2026) ਤੋਂ ਪਹਿਲਾਂ ਹਰ ਮੰਡੀ ਵਿੱਚ ਲੋੜੀਂਦੇ ਸੁਧਾਰ ਯਕੀਨੀ ਬਣ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ ਟੀਚਾ ਹੈ ਕਿ ਕਿਸਾਨ ਨੂੰ ਇਨਸਾਫ਼, ਸਤਿਕਾਰ, ਪਾਰਦਰਸ਼ਤਾ ਅਤੇ ਵਧੀਆ ਸਹੂਲਤਾਂ ਮਿਲਣ।