ਸ੍ਰੀ ਮੁਕਤਸਰ ਸਾਹਿਬ ਅਨਾਜ਼ ਮੰਡੀ ’ਚ ਲਿਫਟਿੰਗ ਦੀ ਮੱਠੀ ਚਾਲ
ਸ੍ਰੀ ਮੁਕਤਸਰ ਸਾਹਿਬ ਅਨਾਜ਼ ਮੰਡੀ ’ਚ ਲਿਫਟਿੰਗ ਦੀ ਮੱਠੀ ਚਾਲ
Publish Date: Mon, 20 Apr 2026 05:10 PM (IST)
Updated Date: Mon, 20 Apr 2026 05:12 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧਾਂ ਦੇ ਕੀਤੇ ਗਏ ਦਾਅਵਿਆਂ ਦੀ ਸ੍ਰੀ ਮੁਕਤਸਰ ਸਾਹਿਬ ਦੀ ਅਨਾਜ਼ ਮੰਡੀ ਵਿੱਚ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਮੰਡੀ ’ਚ ਕਣਕ ਦੀ ਲਿਫਟਿੰਗ ਦੀ ਮੱਠੀ ਚਾਲ ਕਾਰਨ ਹਾਲਾਤ ਬਦਤਰ ਹੋ ਚੁੱਕੇ ਹਨ। ਬੋਰੀਆਂ ਦੇ ਅੰਬਾਰ ਲੱਗਣ ਕਾਰਨ ਮੰਡੀ ਵਿੱਚ ਹੁਣ ਤਿਲ ਸੁੱਟਣ ਦੀ ਵੀ ਜਗ੍ਹਾ ਨਹੀਂ ਬਚੀ, ਜਿਸ ਕਰਕੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ‘ਪੰਜਾਬੀ ਜਾਗਰਣ’ ਟੀਮ ਵੱਲੋਂ ਮੌਕੇ ’ਤੇ ਦੇਖਿਆ ਗਿਆ ਕਿ ਮੰਡੀ ’ਚ ਬੋਰੀਆਂ ਦੀਆਂ ਉੱਚੀਆਂ-ਉੱਚੀਆਂ ਧਾਂਗਾ ਲੱਗੀਆਂ ਹੋਈਆਂ ਹਨ। ਇਸ ਦੌਰਾਨ ਪਿੰਡ ਬਲਮਗੜ੍ਹ ਦੇ ਕਿਸਾਨ ਪਿੰਦਰ ਸਿੰਘ, ਜਸਪਾਲ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਮੰਡੀ ਵਿੱਚ ਜਗ੍ਹਾ ਨਾ ਹੋਣ ਕਾਰਨ ਉਹ ਆਪਣੀ ਫ਼ਸਲ ਉਤਾਰ ਨਹੀਂ ਪਾ ਰਹੇ। ਜਗ੍ਹਾ ਦੀ ਕਿੱਲਤ ਕਾਰਨ ਬਹੁਤੇ ਕਿਸਾਨ ਆਪਣੀ ਕਣਕ ਦੀ ਫ਼ਸਲ ਘਰਾਂ ਵਿੱਚ ਰੱਖਣ ਲਈ ਮਜ਼ਬੂਰ ਹਨ, ਜਿਸ ਕਾਰਨ ਉਨ੍ਹਾਂ ’ਤੇ ਲੇਬਰ ਅਤੇ ਢੋਆ-ਢੁਆਈ ਦਾ ਦੁੱਗਣਾ ਖਰਚਾ ਪੈ ਰਿਹਾ ਹੈ। ਇਸਤੋਂ ਇਲਾਵਾ, ਕਿਸਾਨਾਂ ਨੇ ਬਾਰਦਾਨੇ ਦੀ ਘਾਟ ਦੀ ਸ਼ਿਕਾਇਤ ਵੀ ਕੀਤੀ ਹੈ। ਮਜ਼ਦੂਰ ਯੂਨੀਅਨ ਵੱਲੋਂ ਹੜਤਾਲ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੋਨੂੰ ਕਾਂਵਲੀ ਨੇ ਪ੍ਰਸ਼ਾਸਨ ’ਤੇ ਜਾਣਬੁੱਝ ਕੇ ਖੱਜਲ-ਖੁਆਰ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਲਿਫਟਿੰਗ ਦੀ ਮੰਗ ਅਤੇ ਮੰਡੀ ਵਿੱਚ ਸੁਰੱਖਿਆ ਗਾਰਡਾਂ ਦੀ ਘਾਟ ਨੂੰ ਲੈ ਕੇ ਅੱਜ ਹੜਤਾਲ ਕੀਤੀ ਗਈ ਹੈ। ਮਜ਼ਦੂਰ ਆਗੂਆਂ ਮੁਤਾਬਕ ਰਾਤ ਸਮੇਂ ਮੰਡੀ ਵਿੱਚੋਂ ਜਿਣਸ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇੰਸਪੈਕਟਰਾਂ ਦੀ ਕਥਿਤ ਮਨਮਾਨੀ ਦੇ ਚਲਦਿਆਂ ਗੋਦਾਮਾਂ ਵਿੱਚ ਗੱਡੀਆਂ ਉਤਾਰਨ ਸਮੇਂ ਇੰਸਪੈਕਟਰ ਘਟੌਤੀ ਦਾ ਬਹਾਨਾ ਬਣਾ ਕੇ ਗੱਡੀਆਂ ਵਾਪਸ ਮੋੜ ਦਿੰਦੇ ਹਨ। ਮਜ਼ਦੂਰਾਂ ਆਗੂਆਂ ਰਾਜ ਕੁਮਾਰ ਸੁਸੀਆ, ਸਤੀਸ਼ ਕੁਮਾਰ, ਪਵਨ ਕੁਮਾਰ, ਰਾਜੂ, ਪ੍ਰਿੰਸ ਕੁਮਾਰ, ਰਵੀ ਕੁਮਾਰ, ਸੁਰਸ਼ ਕੁਮਾਰ ਰੰਗਗੁੱਲਾ, ਮਹਿੰਦਰ ਕੁਮਾਰ ਕਰਮਜੀਤ ਨੇ ਕਿਹ ਕਿ ਲਿਫਟਿੰਗ ਨਾ ਹੋਣ ਕਰਕੇ ਨਵੀਂ ਫ਼ਸਲ ਮੰਡੀ ਨਹੀਂ ਆ ਰਹੀ, ਜਿਸ ਕਾਰਨ ਮਜ਼ਦੂਰ ਕੰਮ ਤੋਂ ਵਿਹਲੇ ਹੋ ਕੇ ਬੈਠ ਗਏ ਹਨ। ਕਿਸਾਨ ਨੂੰ ਦੁੱਗਣੀ ਮਿਹਨਤ ਤੇ ਲੇਬਰ ਖਰਚ ਪੈ ਰਿਹਾ ਹਰਮਨਦੀਪ ਸਿੰਘ ਬਾਮ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕਿਹਾ ਕਿ ਮੰਡੀਆਂ ਵਿਚੋਂ ਲਿਫਟਿੰਗ ਦੇ ਸਮੱਸਿਆ ਕਾਰਨ ਕਿਸਾਨ ਆਪਣੀ ਫ਼ਸਲ ਘਰਾਂ ਵਿੱਚ ਲ੍ਹਾ ਰਹੇ ਹਨ ਜਿਸ ਕਾਰਨ ਦੁੱਗਣੀ ਮਿਹਨਤ ਤੇ ਇਲਾਵਾ ਲੇਬਰ ਖਰਚ ਵੀ ਪੈਂਦਾ ਹੈ। ਲਿਫਟਿੰਗ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਦਿੱਕਤ ਪੈਦਾ ਨਾ ਹੋਵੇ। ਲਿਫ਼ਟਿੰਗ ’ਚ ਤੇਜੀ ਲਿਆਂਦੀ ਜਾਵੇ, ਮੰਡੀਆਂ ’ਚ ਘਾਟਾਂ ਪੂਰੀਆਂ ਕੀਤੀਆਂ ਜਾਣ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਝਬੇਲਵਾਲੀ ਨੇ ਕਿਹਾ ਕਿ ਲਿਫਟਿੰਗ ਦੀ ਸਮੱਸਿਆ ਦਾ ਜਲਦੀ ਹੱਲ ਕਰਕੇ ਇਸ ’ਚ ਤੇਜ਼ੀ ਲਿਆਉਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਦਿੱਕਤ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਕੁਝ ਮੰਡੀਆਂ ’ਚ ਹਾਲੇ ਤੱਕ ਪਾਣੀ ਬਿਜਲੀ ਆਦਿ ਸਹੂਲਤਾਂ ਦੀ ਵੱਡੀ ਘਾਟ ਸਾਹਮਣੇ ਆ ਰਹੀ ਹੈ। ਇਨ੍ਹਾਂ ਘਾਟਾਂ ਨੂੰ ਪੂਰਾ ਕਰਕੇ ਜਲਦੀ ਹੀ ਮੰਡੀਆਂ ’ਚ ਪ੍ਰਬੰਧ ਕਰਨੇ ਚਾਹੀਦੇ ਹਨ ਕਿਉਂਕਿ ਆਉਣ ਵਾਲੇ ਦਿਨਾਂ ’ਚ ਕਰਮੀ ਵਿੱਚ ਵੀ ਵਾਧਾ ਹੋਣਾ ਹੈ ਇਸ ਲਈ ਪਾਣੀ ਆਦਿ ਦੀ ਸਮੱਸਿਆ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ। ਲਿਫਟਿੰਗ ਨਿਰਵਿਘਨ ਜਾਰੀ : ਡੀਐੱਫਐੱਸਸੀ ਕੱਕੜ ਓਧਰ ਜਦੋਂ ਇਸ ਸਬੰਧੀ ਡੀਐਫਐਸਸੀ ਹਿਮਾਂਸੂ ਕੱਕੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਕਣਕ ਦੀ ਆਮਦ ਅਤੇ ਖਰੀਦ ਜ਼ਿਆਦਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲਿਫਟਿੰਗ ਦਾ ਕੰਮ ਨਿਰਵਿਘਨ ਜਾਰੀ ਹੈ ਅਤੇ ਜਲਦੀ ਹੀ ਮੰਡੀ ਵਿੱਚੋਂ ਸਾਰੀਆਂ ਬੋਰੀਆਂ ਚੁੱਕ ਕੇ ਜਗ੍ਹਾ ਸਾਫ਼ ਕਰ ਦਿੱਤੀ ਜਾਵੇਗੀ।