ਝੋਨੇ ਦੇ ਭਾਅ ’ਚ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ
ਝੋਨੇ ਦੇ ਰੇਟ ’ਚ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ : ਬੀਕੇਯੂ ਕਾਦੀਆਂ
Publish Date: Sat, 16 May 2026 04:33 PM (IST)
Updated Date: Sat, 16 May 2026 04:36 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਕੇਂਦਰ ਸਰਕਾਰ ਵੱਲੋਂ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੇ ਸਰਕਾਰੀ ਰੇਟ ’ਚ ਕੀਤੇ ਗਏ ਮਾਮੂਲੀ ਵਾਧੇ ਨੂੰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਕਿਸਾਨਾਂ ਨਾਲ ਇੱਕ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਵਧਦੀ ਮਹਿੰਗਾਈ ਅਤੇ ਲਾਗਤ ਖ਼ਰਚਿਆਂ ਨੂੰ ਦੇਖਦੇ ਹੋਏ ਝੋਨੇ ਦਾ ਰੇਟ ਘੱਟੋ-ਘੱਟ 2800 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਜਾਵੇ। ਯੂਨੀਅਨ ਦੇ ਜ਼ਿਲ੍ਹਾ ਆਗੂਆਂ ਜਸਵੰਤ ਸਿੰਘ ਕੋਟਲੀ ਸੰਘਰ, ਸੁਰਜੀਤ ਸਿੰਘ ਰੁਪਾਣਾ, ਨਿਰਮਲ ਸਿੰਘ ਸੰਗੂਧੌਣ, ਗੁਰਮੀਤ ਸਿੰਘ ਮਰਾੜ੍ਹ, ਸੁਖਦੇਵ ਸਿੰਘ ਆਸਾ ਬੁੱਟਰ, ਅਵਤਾਰ ਸਿੰਘ ਫੂਲੇਵਾਲਾ, ਸ਼ਿਵਰਾਜ ਸਿੰਘ ਭੰਗਚੜ੍ਹੀ ਅਤੇ ਦਵਿੰਦਰ ਸਿੰਘ ਭੰਗੇਵਾਲਾ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੇ ਰੇਟ ਵਿੱਚ ਸਿਰਫ਼ 72 ਰੁਪਏ ਦਾ ਮਾਮੂਲੀ ਵਾਧਾ ਕਰਕੇ ਨਵਾਂ ਰੇਟ 2461 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ, ਜੋ ਕਿ ਮੌਜੂਦਾ ਖੇਤੀ ਖ਼ਰਚਿਆਂ ਦੇ ਮੁਕਾਬਲੇ ਬੇਹੱਦ ਘੱਟ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਕਿਸਾਨਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣਾ ਚਾਹੁੰਦੀ ਹੈ, ਤਾਂ ਝੋਨੇ ਦਾ ਮੁੱਲ ਫ਼ੌਰੀ ਤੌਰ ਤੇ 2800 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਅਤੇ ਉਹ ਕਰਜ਼ੇ ਦੇ ਦਲਦਲ ਵਿੱਚੋਂ ਬਾਹਰ ਨਿਕਲ ਸਕਣ।