54 ਕਿਲੋ 500 ਗ੍ਰਾਮ ਚੂਰਾਪੋਸਤ ਸਮੇਤ ਛੇ ਵਿਅਕਤੀ ਗ੍ਰਿਫ਼ਤਾਰ

- ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ ਕੇਸ ਦਰਜ ਕੀਤੇ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ 54 ਕਿਲੋ 500 ਗ੍ਰਾਮ ਚੂਰਾਪੋਸਤ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ’ਚ ਥਾਣਾ ਗਿੱਦੜਬਾਹਾ ਪੁਲਿਸ ਨੇ ਗਸ਼ਤ ਦੌਰਾਨ ਇੱਕ ਕਾਰ ਸਵਾਰ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ 20 ਕਿਲੋ 500 ਗ੍ਰਾਮ ਚੂਰਾਪੋਸਤ ਸਮੇਤ ਕਾਬੂ ਕੀਤਾ ਹੈ। ਥਾਣਾ ਗਿੱਦੜਬਾਹਾ ਦੇ ਏਐਸਆਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਨਾਲ ਝੁੰਬਾ ਰੋਡ, ਪਿੰਡ ਪਿਊਰੀ ਨੇੜੇ ਨਾਕਾਬੰਦੀ ’ਤੇ ਮੌਜੂਦ ਸਨ। ਇਸੇ ਦੌਰਾਨ ਪਿੰਡ ਪਿਊਰੀ ਵੱਲੋਂ ਆ ਰਹੀ ਇੱਕ ਚਿੱਟੇ ਰੰਗ ਦੀ ਹੌਂਡਾ ਸਿਟੀ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਕਾਰ ਚਾਲਕ ਘਬਰਾ ਗਿਆ। ਮੁਲਜ਼ਮ ਨੇ ਕਾਰ ਨੂੰ ਅਚਾਨਕ ਸੂਏ ਦੀ ਪਟੜੀ ਵੱਲ ਮੋੜਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਕਾਰ ਅਚਾਨਕ ਬੰਦ ਹੋ ਗਈ। ਸ਼ੱਕ ਹੋਣ ’ਤੇ ਪੁਲਿਸ ਟੀਮ ਨੇ ਤੁਰੰਤ ਕਾਬੂ ਕਰ ਲਿਆ। ਜਦੋਂ ਪੁਲਿਸ ਨੇ ਕਾਰ ਦੀ ਤਲਾਸ਼ੀ ਲਈ, ਤਾਂ ਉਸ ਵਿੱਚੋਂ ਇੱਕ ਪਲਾਸਟਿਕ ਦਾ ਕੱਟਾ ਮਿਲਿਆ ਜਿਸ ਵਿੱਚੋਂ 20 ਕਿਲੋ 500 ਗ੍ਰਾਮ ਚੂਰਾਪੋਸਤ ਬਰਾਮਦ ਹੋਇਆ। ਪੁਲਿਸ ਨੇ ਕਾਰ ਸਵਾਰ ਗੁਰਚਰਨ ਸਿੰਘ, ਉਸਦੀ ਪਤਨੀ ਗੁਰਮੀਤ ਕੌਰ ਵਾਸੀ ਹੁਸਨਰ (ਹਾਲ ਵਾਸੀ ਪਿੰਡ ਚੂੰਘੇ ਕਲਾਂ, ਜ਼ਿਲ੍ਹਾ ਬਠਿੰਡਾ) ਅਤੇ ਸੁਮਨ ਪਤਨੀ ਬਾਬੂ ਰਾਮ ਵਾਸੀ ਗਿੱਦੜਬਾਹਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਮਾਮਲੇ ਵਿੱਚ ਥਾਣਾ ਲੰਬੀ ਦੇ ਏਐਸਆਈ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਿੰਡ ਬਾਦਲ ਨੂੰ ਜਾਣ ਵਾਲੀ ਸੜਕ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਪਿੰਡ ਬਾਦਲ ਵੱਲੋਂ ਇੱਕ ਮਹਿੰਦਰਾ ਜੀਪ ਆਉਂਦੀ ਦਿਖਾਈ ਦਿੱਤੀ। ਜਦੋਂ ਏ.ਐਸ.ਆਈ. ਹਰਪਿੰਦਰ ਸਿੰਘ ਨੇ ਜੀਪ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਚਾਲਕ ਨੇ ਨਾਕੇ ਤੋਂ ਕੁਝ ਪਿੱਛੇ ਹੀ ਜੀਪ ਰੋਕ ਕੇ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ਦੌਰਾਨ ਜੀਪ ਅਚਾਨਕ ਬੰਦ ਹੋ ਗਈ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਤੁਰੰਤ ਕਾਬੂ ਕਰ ਲਿਆ। ਜਦੋਂ ਪੁਲਿਸ ਨੇ ਜੀਪ ਦੀ ਤਲਾਸ਼ੀ ਲਈ ਤਾਂ ਕੰਡਕਟਰ ਸੀਟ ਦੇ ਅੱਗੇ ਇੱਕ ਚਿੱਟੇ ਰੰਗ ਦਾ ਪਲਾਸਟਿਕ ਦਾ ਕੱਟਾ ਬਰਾਮਦ ਹੋਇਆ ਜਿਸ ਵਿੱਚ 20 ਕਿਲੋਗ੍ਰਾਮ ਚੂਰਾਪੋਸਤ ਸੀ। ਪੁਲਿਸ ਨੇ ਮੁਲਜ਼ਮ ਥਾਣਾ ਸਿੰਘ ਪੁੱਤਰ ਸਾਧੂ ਸਿੰਘ, ਵਾਸੀ ਢਾਣੀ ਪ੍ਰਿਥਵੀ ਸਿੰਘ, ਪਿੰਡ ਮਹਾਲਾਂ, ਥਾਣਾ ਸੰਗਤ (ਜ਼ਿਲ੍ਹਾ ਬਠਿੰਡਾ) ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਤੀਜੇ ਮਾਮਲੇ ਵਿੱਚ ਥਾਣਾ ਲੰਬੀ ਦੇ ਏਐਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਸ਼ਤ ਦੌਰਾਨ ਦੋ ਮੁਲਜ਼ਮਾਂ ਨੂੰ 14 ਕਿਲੋ ਚੂਰਾਪੋਸਤ ਨਾਲ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਕਾਕਾ ਸਿੰਘ ਅਤੇ ਜਸਵੀਰ ਸਿੰਘ ਉਰਫ਼ ਸੀਰਾ ਪੁੱਤਰ ਧਰਮਪਾਲ ਸਿੰਘ ਵਾਸੀ ਪਿੰਡ ਧੌਲਾ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।