ਜੈਤੋ ਵਾਰਡ ਨੰਬਰ-9 ’ਚ ਸਿੰਗਲਾ ਪਰਿਵਾਰ ਦਾ ਦਬਦਬਾ ਬਰਕਰਾਰ, ਜਸਬੀਰ ਕੌਰ 291 ਵੋਟਾਂ ਨਾਲ ਜੇਤੂ

- ਸਿੰਗਲਾ ਪਰਿਵਾਰ ਦੀ ਛੇਵੀਂ ਲਗਾਤਾਰ ਜਿੱਤ
ਭੋਲਾ ਸ਼ਰਮਾ, ਪੰਜਾਬੀ ਜਾਗਰਣ
ਜੈਤੋ : ਜੈਤੋ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿਚ ਵਾਰਡ ਨੰਬਰ 9 ਨੇ ਇੱਕ ਵਾਰ ਫਿਰ ਸਿੰਗਲਾ ਪਰਿਵਾਰ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ। ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸਬੰਧਿਤ ਸਿੰਗਲਾ ਪਰਿਵਾਰ ਨੇ ਆਪਣਾ ਦਹਾਕਿਆਂ ਪੁਰਾਣਾ ਸਿਆਸੀ ਦਬਦਬਾ ਕਾਇਮ ਰੱਖਦਿਆਂ ਲਗਾਤਾਰ ਛੇਵੀਂ ਵਾਰ ਜਿੱਤ ਦਾ ਇਤਿਹਾਸ ਰਚ ਦਿੱਤਾ ਹੈ। ਅਕਾਲੀ ਦਲ ਦੀ ਉਮੀਦਵਾਰ ਜਸਬੀਰ ਕੌਰ ਸਿੰਗਲਾ ਧਰਮਪਤਨੀ ਸਾਬਕਾ ਕੌਂਸਲਰ ਹਰੀ ਕ੍ਰਿਸ਼ਨ ਸਿੰਗਲਾ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੇਖਾ ਰਾਣੀ ਧਰਮਪਤਨੀ ਪ੍ਰਮੋਦ ਕੁਮਾਰ ਨੂੰ 291 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਹ ਜਿੱਤ ਸਿਰਫ਼ ਇੱਕ ਚੋਣ ਸਫ਼ਲਤਾ ਨਹੀਂ, ਸਗੋਂ ਵਾਰਡ ਨੰਬਰ-9 ਵਿਚ ਸਿੰਗਲਾ ਪਰਿਵਾਰ ਪ੍ਰਤੀ ਲੋਕਾਂ ਦੇ ਅਟੁੱਟ ਵਿਸ਼ਵਾਸ ਅਤੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਲੋਕ ਸੇਵਾ ਦੀ ਪੁਸ਼ਟੀ ਵਜੋਂ ਵੀ ਦੇਖੀ ਜਾ ਰਹੀ ਹੈ। ਪਿਛਲੇ ਕਰੀਬ 35 ਸਾਲਾਂ ਤੋਂ ਇਸ ਵਾਰਡ ਵਿਚ ਸਿੰਗਲਾ ਪਰਿਵਾਰ ਦਾ ਪ੍ਰਭਾਵ ਬਰਕਰਾਰ ਹੈ ਅਤੇ ਹਰ ਚੋਣ ਵਿਚ ਵੋਟਰਾਂ ਨੇ ਉਨ੍ਹਾਂ ਦੇ ਹੱਕ ਵਿਚ ਫ਼ੈਸਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਸਬੀਰ ਕੌਰ ਸਿੰਗਲਾ ਸਾਲ 1998, 2021 ਅਤੇ ਹੁਣ 2026 ਵਿਚ ਕੌਂਸਲਰ ਚੁਣੇ ਜਾਣ ਵਿਚ ਸਫ਼ਲ ਰਹੇ ਹਨ, ਜਦਕਿ ਉਨ੍ਹਾਂ ਦੇ ਪਤੀ ਹਰੀ ਕ੍ਰਿਸ਼ਨ ਸਿੰਗਲਾ ਨੇ 2003, 2008 ਅਤੇ 2015 ਵਿਚ ਲਗਾਤਾਰ ਤਿੰਨ ਵਾਰ ਨਗਰ ਕੌਂਸਲਰ ਬਣ ਕੇ ਵਾਰਡ ਦੀ ਨੁਮਾਇੰਦਗੀ ਕੀਤੀ। ਇਸ ਤਰ੍ਹਾਂ ਸਿੰਗਲਾ ਪਰਿਵਾਰ ਨੇ ਵਾਰਡ ਨੰਬਰ-9 ਵਿਚ ਲਗਾਤਾਰ ਛੇ ਚੋਣਾਂ ਜਿੱਤ ਕੇ ਇੱਕ ਵਿਲੱਖਣ ਸਿਆਸੀ ਰਿਕਾਰਡ ਆਪਣੇ ਨਾਮ ਕੀਤਾ ਹੈ। ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਅਕਾਲੀ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿੱਤ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ, ਢੋਲ ਦੀਆਂ ਧੁਨਾਂ ’ਤੇ ਭੰਗੜੇ ਪਾਏ ਗਏ ਅਤੇ ਪਾਰਟੀ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਗਈ। ਸਿੰਗਲਾ ਪਰਿਵਾਰ ਦੀ ਰਿਹਾਇਸ਼ ’ਤੇ ਸਾਰਾ ਦਿਨ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਸਮਰਥਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹਰੀ ਕ੍ਰਿਸ਼ਨ ਸਿੰਗਲਾ ਨੇ ਵਾਰਡ ਵਾਸੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਪਿਆਰ, ਵਿਸ਼ਵਾਸ ਅਤੇ ਪਰਿਵਾਰ ਵੱਲੋਂ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਨਿਰੰਤਰ ਲੋਕ ਸੇਵਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਪਹਿਲਾਂ ਦੀ ਤਰ੍ਹਾਂ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਨਵ-ਚੁਣੀ ਕੌਂਸਲਰ ਜਸਬੀਰ ਕੌਰ ਸਿੰਗਲਾ ਨੇ ਵੀ ਵਾਰਡ ਦੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਇੱਕ ਵਾਰ ਫਿਰ ਜੋ ਵਿਸ਼ਵਾਸ ਉਨ੍ਹਾਂ ਉੱਤੇ ਜਤਾਇਆ ਹੈ, ਉਹ ਉਸ ਨੂੰ ਕਾਇਮ ਰੱਖਣ ਲਈ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ, ਸਫ਼ਾਈ, ਬੁਨਿਆਦੀ ਸਹੂਲਤਾਂ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਸਮਰਥਕਾਂ ਦਾ ਕਹਿਣਾ ਸੀ ਕਿ ਸਿੰਗਲਾ ਪਰਿਵਾਰ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਰਿਹਾ ਹੈ ਅਤੇ ਇਸੇ ਕਾਰਨ ਵੋਟਰਾਂ ਨੇ ਇੱਕ ਵਾਰ ਫਿਰ ਉਨ੍ਹਾਂ ਨੂੰ ਭਾਰੀ ਸਮਰਥਨ ਦਿੱਤਾ ਹੈ। ਉਨ੍ਹਾਂ ਇਸ ਜਿੱਤ ਨੂੰ ਵਿਕਾਸ, ਭਰੋਸੇ ਅਤੇ ਨਿਰੰਤਰ ਲੋਕ ਸੇਵਾ ਦੀ ਜਿੱਤ ਕਰਾਰ ਦਿੱਤਾ। ਇਸ ਮੌਕੇ ਸੂਬਾ ਸਿੰਘ ਬਾਦਲ, ਲਾਲੀ ਬਾਦਲ, ਭਗਵਾਨ ਦਾਸ, ਰੇਸ਼ਮ ਰਾਣੀ, ਜਮਨਾ ਦੇਵੀ, ਮੰਜੂ ਰਾਣੀ, ਮਹਿੰਦਰ ਕੌਰ, ਅਜੇ ਸਿੰਗਲਾ, ਭੀਮ ਸੈਨ, ਰਾਜਵੀਰ ਸਿੰਗਲਾ, ਸੰਜੇ ਸਿੰਗਲਾ, ਗੋਰਾ ਲਾਲ, ਓਮ ਪ੍ਰਕਾਸ਼ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ, ਵਰਕਰ ਅਤੇ ਸਮਰਥਕ ਹਾਜ਼ਰ ਸਨ, ਜਿਨ੍ਹਾਂ ਨੇ ਜਸਬੀਰ ਕੌਰ ਸਿੰਗਲਾ ਅਤੇ ਹਰੀ ਕ੍ਰਿਸ਼ਨ ਸਿੰਗਲਾ ਨੂੰ ਮੁਬਾਰਕਬਾਦ ਦਿੱਤੀ।