ਸ਼ਿਵਾਲਿਕ ਕਿਡਜ਼ ਸਕੂਲ ਜੈਤੋ ’ਚ ਯੋਗਾ ਸੈਸ਼ਨ ਕਰਵਾਇਆ
ਸ਼ਿਵਾਲਿਕ ਕਿਡਜ਼ ਸਕੂਲ ਜੈਤੋ ਵਿਚ ਯੋਗਾ ਸੈਸ਼ਨ ਦੌਰਾਨ ਬੱਚਿਆਂ ਨੇ ਦਿਖਾਇਆ ਉਤਸ਼ਾਹ
Publish Date: Sun, 17 May 2026 04:22 PM (IST)
Updated Date: Mon, 18 May 2026 04:03 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਸ਼ਿਵਾਲਿਕ ਕਿਡਜ਼ ਸਕੂਲ, ਸਹਾਮਣੇ ਸ੍ਰੀ ਹਨੂੰਮਾਨ ਮੰਦਰ (ਪੰਚਾਇਤੀ ਗਾਉਸ਼ਾਲਾ ਰੋਡ) ਜੈਤੋ ਵਿਚ ਯੋਗਾ ਅਤੇ ਧਿਆਨ ਸੈਸ਼ਨ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਹ ਸੈਸ਼ਨ ਅਧਿਆਪਕਾ ਮਿਸ ਨੀਲਮ ਦੀ ਰਹਿਨੁਮਾਈ ਹੇਠ ਸਕੂਲ ਦੇ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਬੜੇ ਹੀ ਉਤਸ਼ਾਹਪੂਰਨ ਅਤੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਸੈਸ਼ਨ ਦਾ ਮੁੱਖ ਉਦੇਸ਼ ਬੱਚਿਆਂ ਵਿਚ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ, ਇਕਾਗਰਤਾ ਅਤੇ ਚੰਗੀਆਂ ਜੀਵਨ-ਮੁੱਲਾਂ ਦੀ ਭਾਵਨਾ ਪੈਦਾ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਆਸਨਾਂ, ਪ੍ਰਾਣਾਯਾਮ ਅਤੇ ਧਿਆਨ ਕਿਰਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿਚ ਯੋਗਾ ਦੇ ਮਹੱਤਵ ਬਾਰੇ ਵੀ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਨੇ ਪੂਰੇ ਜੋਸ਼, ਅਨੁਸ਼ਾਸਨ ਅਤੇ ਰੁਚੀ ਨਾਲ ਸੈਸ਼ਨ ਵਿਚ ਭਾਗ ਲਿਆ। ਯੋਗ ਆਸਨਾਂ ਅਤੇ ਧਿਆਨ ਕਿਰਿਆਵਾਂ ਦੌਰਾਨ ਸਕੂਲ ਦਾ ਮਾਹੌਲ ਸ਼ਾਂਤੀ, ਸਕਾਰਾਤਮਕਤਾ ਅਤੇ ਉਰਜਾ ਨਾਲ ਭਰਪੂਰ ਨਜ਼ਰ ਆਇਆ। ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਆਤਮਵਿਸ਼ਵਾਸ ਸਪੱਸ਼ਟ ਦਿਖਾਈ ਦਿੱਤਾ। ਸਕੂਲ ਦੇ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਵੀ ਸੈਸ਼ਨ ਵਿਚ ਸਰਗਰਮ ਭੂਮਿਕਾ ਨਿਭਾਈ, ਜਿਸ ਨਾਲ ਵਿਦਿਆਰਥੀਆਂ ਨੂੰ ਹੋਰ ਉਤਸ਼ਾਹ ਅਤੇ ਪ੍ਰੇਰਣਾ ਮਿਲੀ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਤਣਾਭਰੇ ਜੀਵਨ ਵਿਚ ਯੋਗਾ ਅਤੇ ਧਿਆਨ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਅਤੇ ਕੇਂਦ੍ਰਿਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ (ਗੋਰੀਆ), ਪ੍ਰਧਾਨ ਅਸ਼ੋਕ ਕੁਮਾਰ ਗਰਗ, ਡਾਇਰੈਕਟਰ ਦੀਪੀ ਗਰਗ, ਮੈਨੇਜਿੰਗ ਡਾਇਰੈਕਟਰ ਗੌਰਵ ਕੁਮਾਰ ‘ਲੱਕੀ ਗਰਗ’, ਮੈਂਬਰ ਜਗਮੇਲ ਸਿੰਘ ਬਰਾੜ, ਮੈਂਬਰ ਘਨੱਈਆ ਲਾਲ ਗਰਗ ਅਤੇ ਮੈਂਬਰ ਅੰਕੁਰ ਗਰਗ ਨੇ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਿਹਤਮੰਦ ਅਤੇ ਪ੍ਰੇਰਣਾਦਾਇਕ ਕਾਰਜਕ੍ਰਮ ਲਗਾਤਾਰ ਕਰਵਾਉਣ ਦਾ ਵਿਸ਼ਵਾਸ ਦਿਵਾਇਆ।