ਬਿਜਲੀ ਦੇ ਲੰਮੇ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ
ਬਿਜਲੀ ਦੇ ਲੰਮੇ ਕੱਟਾਂ ਖਿਲਾਫ਼ ਮਲੋਟ ’ਚ ਸ਼੍ਰੋਮਣੀ ਅਕਾਲੀ ਦਲ ਦਾ ਰੋਸ ਪ੍ਰਦਰਸ਼ਨ
Publish Date: Thu, 30 Apr 2026 05:11 PM (IST)
Updated Date: Thu, 30 Apr 2026 05:13 PM (IST)

- ਸਰਕਾਰ ਦੇ ਸਰਪਲਸ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ ਚੇਤਨ ਭੂਰਾ, ਪੰਜਾਬੀ ਜਾਗਰਣ ਮਲੋਟ : ਪੰਜਾਬ ’ਚ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਲੋਟ ਦੇ ਤਹਿਸੀਲ ਕੰਪਲੈਕਸ ਵਿਖੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਅਤੇ ਚੇਅਰਮੈਨ ਬਸੰਤ ਸਿੰਘ ਕੰਗ ਸਮੇਤ ਹੋਰ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਕੋਟਭਾਈ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਬਿਜਲੀ ਸਰਪਲਸ ਦੱਸਣ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਦੇ ਮੱਦੇਨਜ਼ਰ ਦਿਨ ਵੇਲੇ ਦੇ ਕੱਟਾਂ ਨੂੰ ਤਾਂ ਸਮਝਿਆ ਜਾ ਸਕਦਾ ਹੈ, ਪਰ ਸ਼ਾਮ ਦੇ ਸਮੇਂ ਜਦੋਂ ਕਿਸਾਨ, ਮਜ਼ਦੂਰ ਅਤੇ ਆਮ ਵਸਨੀਕ ਸਾਰਾ ਦਿਨ ਕੰਮ ਕਰ ਕੇ ਘਰ ਪਰਤਦੇ ਹਨ, ਉਦੋਂ ਵੀ ਬਿਜਲੀ ਨਾ ਹੋਣ ਕਰ ਕੇ ਲੋਕਾਂ ਦਾ ਬੁਰਾ ਹਾਲ ਹੈ। ਸਾਬਕਾ ਵਿਧਾਇਕ ਨੇ ਦਾਅਵਾ ਕੀਤਾ ਕਿ ਸ਼ੋ੍ਮਣੀ ਅਕਾਲੀ ਦਲ ਦੇ ਸ਼ਾਸਨਕਾਲ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਪੰਜਾਬ ਸੱਚਮੁੱਚ ਬਿਜਲੀ ਸਰਪਲਸ ਸੂਬਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਤੋਂ ਬਾਅਦ ਨਾ ਤਾਂ ਕਾਂਗਰਸ ਅਤੇ ਨਾ ਹੀ ਮੌਜੂਦਾ ‘ਆਪ’ ਸਰਕਾਰ ਨੇ ਬਿਜਲੀ ਉਤਪਾਦਨ ਨੂੰ ਵਧਾਉਣ ਲਈ ਕੋਈ ਠੋਸ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਇੰਨੀ ਬਿਜਲੀ ਉਪਲਬਧ ਸੀ ਕਿ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਪੂਰੀ ਬਿਜਲੀ ਦਿੱਤੀ ਜਾ ਸਕਦੀ ਹੈ, ਪਰ ਮੌਜੂਦਾ ਸਰਕਾਰ ਸਹੀ ਪ੍ਰਬੰਧਨ ਕਰਨ ਵਿੱਚ ਵੀ ਨਾਕਾਮ ਰਹੀ ਹੈ। ਕੋਟਭਾਈ ਨੇ ਚਿਤਾਵਨੀ ਦਿੱਤੀ ਕਿ ਇਹ ਧਰਨੇ ਸਰਕਾਰ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਣ ਲਈ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਕਾਰੋਬਾਰੀਆਂ ਨੂੰ ਬਿਜਲੀ ਦੇ ਲੰਮੇ ਕੱਟਾਂ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਚੇਅਰਮੈਨ ਬਸੰਤ ਸਿੰਘ ਕੰਗ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲੱਪੀ ਈਨਾਂ ਖੇੜਾ, ਗੁਰਦੀਪ ਸਿੰਘ ਲੰਬੀ, ਅਸ਼ੋਕ ਬਜਾਜ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਹੋਰ ਆਗੂ ਮੌਜੂਦ ਸਨ।