ਸ੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ
ਮੋਗਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਵਿਚ ਸ਼ੁੱਧ ਪਾਣੀਂ, ਸੀਵਰੇਜ ਦੀ ਵੱਡੀ ਸਮੱਸਿਆ, ਪਛੜੇ ਵਰਗਾਂ ਵਿਚ ਸਹੂਲਤਾਂ ਦੀ ਘਾਟ, ਸਟਰੀਟ ਲਾਈਟਾਂ ਦੀ ਸਮੱਸਿਆ ਅਤੇ ਸ਼ਹਿਰ ਦੇ ਸੁੰਦਰੀਕਰਨ ਦੇ ਨਾਮ ਤੇ ਹੋ ਰਹੀ ਪੈਸੇ ਦੀ ਦੁਰਵਰਤੋਂ ਨੂੰ ਲੈ ਕੇ ਨਗਰ ਨਿਗਮ ਦੇ ਗੇਟ ਕੋਲ ਇਕ ਰੋਸ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਬਰਜਿੰਦਰ ਸਿੰਘ ਮੱਖਣ ਬਰਾੜ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਰਾਜਵਿੰਦਰ ਸਿੰਘ ਧਰਮਕੋਟ, ਸੁਖਜੀਤ ਸਿੰਘ ਮਾਹਲਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਮਨੁੱਖ ਦੀ ਮੁੱਢਲੀ ਜ਼ਰੂਰਤ ਪਾਣੀ ਹੁੰਦੀ ਹੈ ਤੇ ਨਗਰ ਨਿਗਮ ਮੋਗਾ ਦਾ ਵੀ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਪੀਣ ਲਈ ਮੁਹੱਈਆ ਕਰਵਾਇਆ ਜਾਵੇ, ਪਰ ਨਗਰ ਨਿਗਮ ਸਹੂਲਤਾਂ ਦੇਣ ਤੋਂ ਅਸਮਰਥ ਹੈ। ਉਨ੍ਹਾਂ ਕਿਹਾ ਸੂਰਤੇਹਾਲ ਇਹ ਹੈ ਕਿ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਰਿਹਾ ਹੈ ਅਤੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਤੇ ਲੋਕ ਅਗਿਆਤ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਮੰਗ ਕਰਦਾ ਹੈ ਕਿ ਨਿਗਮ ਦੀ ਲਾਪ੍ਰਵਾਹੀ ਨਾਲ ਜਿਹੜੇ ਲੋਕ ਮੌਤ ਦੇ ਮੂੰਹ ਵਿਚ ਗਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਤੇ ਜਿਹੜੇ ਲੋਕ ਬਿਮਾਰ ਹਨ ਉਨ੍ਹਾਂ ਲੋਕਾਂ ਨੂੰ ਮੁਆਵਜ਼ੇ ਦੇ ਨਾਲ ਨਗਰ ਨਿਗਮ ਆਪਣੇ ਖਰਚੇ ਤੇ ਇਲਾਜ ਕਰਵਾਏ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਉਹ ਵਾਰਡ ਜਿੱਥੇ ਕੇਵਲ ਮਜ਼ਦੂਰ ਤੇ ਗਰੀਬ ਲੋਕ ਰਹਿੰਦੇ ਹਨ ਉਨ੍ਹਾਂ ਵਾਰਡਾਂ ਵੱਲ ਨਗਰ ਨਿਗਮ ਦਾ ਕੋਈ ਧਿਆਨ ਨਹੀਂ ਅਤੇ ਸੀਵਰੇਜ ਦਾ ਏਨਾ ਕੁ ਮਾੜਾ ਹਾਲ ਹੈ ਕਿ ਸੀਵਰੇਜ ਓਵਰ ਫਲੋ ਹੋ ਕੇ ਗਲੀਆਂ ਵਿਚ ਫੈਲ ਜਾਂਦਾ ਹੈ ਅਤੇ ਜਿੱਥੇ ਅਤੇ ਗਰੀਬ ਲੋਕਾਂ ਦੇ ਘਰ ਨੀਵੇਂ ਹੋਣ ਕਰਕੇ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਚਲਾ ਜਾਂਦਾ ਹੈ।
ਸੰਨੀ ਗਿੱਲ ਨੇ ਕਿਹਾ ਕਿ ਸ਼ਹਿਰ ਵਿਚ ਸਫਾਈ ਦਾ ਏਨਾ ਮੰਦਾ ਹਾਲ ਹੈ ਕਿ ਸੰਘਣੀ ਵਸੋਂ ਦੇ ਖੇਤਰਾਂ ਵਿਚ ਓਪਨ ਕੂੜੇ ਦੇ ਢੇਰ ਲੱਗੇ ਆਮ ਵੇਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੈਰਤਅੰਗੇਜ਼ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬੱਗੇਆਣਾ ਬਸਤੀ ਵਿਚ ਛੱਪੜ ਦੀ ਜਗ੍ਹਾ ਪੂਰਕੇ ਉੱਥੇ ਖੇਡ ਸਟੇਡੀਅਮ ਬਣਾਇਆ ਸੀ ਜਿਸਦੀ ਦੇਖ ਰੇਖ ਦੀ ਜ਼ਿੰਮੇਵਾਰੀ ਨਗਰ ਨਿਗਮ ਮੋਗਾ ਦੀ ਬਣਦੀ ਹੈ ਪਰ ਖੇਡ ਸਟੇਡੀਅਮ ਵੀ ਲਾਈਟਾਂ ਤੋਂ ਸੱਖਣਾ ਪਿਆ ਹੈ ਅਤੇ ਵੱਡੇ ਖੇਡ ਸਟੇਡੀਅਮ ਵਿਚ ਲਾਈਟਾਂ ਦਾ ਪ੍ਰਬੰਧ ਨਾਂ ਹੋਣਾ ਨਗਰ ਨਿਗਮ ਦੀ ਲਾਪ੍ਰਵਾਹੀ ਹੈ। ਇਸ ਮੌਕੇ ਐੱਸਸੀ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਗਦੀਸ਼ ਛਾਬੜਾ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਥਰਾਜ, ਸੁਖਚੈਨ ਸਿੰਘ ਰਾਮੂੰਵਾਲਾ, ਰਾਜਿੰਦਰ ਸਿੰਘ ਡੱਲਾ, ਦੇਬ ਅਸੀਸ ਮਲਿਕ, ਪ੍ਰਧਾਨ ਗੁਰਬਿੰਦ ਸਿੰਘ ਸਿੰਘਾ ਵਾਲਾ, ਰਵਦੀਪ ਸਿੰਘ ਦਾਰਾਪੁਰ, ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਬਿਪਨਪਾਲ ਸਿੰਘ ਖੋਸਾ, ਨਰਿੰਦਰ ਸਿੰਘ ਬੁੱਕਣ ਵਾਲਾ, ਸ਼ਹਿਰੀ ਪ੍ਰਧਾਨ ਯੂਥ ਸੁਖ ਗਿੱਲ, ਬੂਟਾ ਸਿੰਘ ਦੌਲਤਪੁਰਾ, ਰਾਜਵੰਤ ਸਿੰਘ ਮਾਹਲਾ, ਗੋਵਰਧਨ ਪੋਪਲੀ, ਮਨਜੀਤ ਸਿੰਘ ਧੰਮੂ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਕੁਲਦੀਪ ਸਿੰਘ ਦੀਪਾ ਸ਼ਹਿਰੀ ਸਰਕਲ ਪ੍ਰਧਾਨ, ਰਣਜੀਤ ਸਿੰਘ ਭਾਊ, ਦਿਲਬਾਗ ਸਿੰਘ ਰੰਧਾਵਾ ਹਾਜ਼ਰ ਸਨ।