ਪੰਜਾਬ ’ਚ ਅਣਐਲਾਨੇ ਬਿਜਲੀ ਕੱਟਾਂ ਦੇ ਵਿਰੋਧ ’ਚ ਸ਼੍ਰੋਅਦ ਵੱਲੋਂ ਰੋਸ ਪ੍ਰਦਰਸ਼ਨ
ਪੰਜਾਬ ’ਚ ਅਣਐਲਾਨੇ ਬਿਜਲੀ ਕੱਟਾਂ ਦੇ ਵਿਰੋਧ ਸ਼ਿਅਦ ਦਾ ਰੋਸ ਪ੍ਰਦਰਸ਼ਨ
Publish Date: Thu, 30 Apr 2026 05:39 PM (IST)
Updated Date: Thu, 30 Apr 2026 05:40 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ’ਚ ਅਣਐਲਾਨੇ ਬਿਜਲੀ ਕੱਟਾਂ ਦੇ ਵਿਰੋਧ ’ਚ ਸ਼ੋ੍ਮਣੀ ਅਕਾਲੀ ਦਲ ਬਾਦਲ ਵੱਲੋਂ ਐੱਸਡੀਐੱਮ ਦਫਤਰ ਗਿੱਦੜਬਾਹਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸ਼੍ਰੋਅਦ ਗਿੱਦੜਬਾਹਾ ਦੇ ਇੰਚਾਰਜ ਗੁਰਵਿੰਦਰ ਸਿੰਘ ਵਣਵਾਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਮੇਂ ’ਚ ਲੰਬੇ ਬਿਜਲੀ ਕੱਟਾਂ ਨਾਲ ਜੂਝ ਰਹੇ ਹਨ, ਜਿਸ ਕਾਰਨ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਨੂੰ ਪਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ 2007 ’ਚ ਸ਼੍ਰੋਅਦ ਦੀ ਸਰਕਾਰ ਬਣਨ ਤੋਂ ਬਾਅਦ ਸ਼ਿਅਦ ਦੇ ਸਾਲ 2009 ’ਚ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਕਰ ਦਿੱਤਾ ਸੀ ਪਰ ਮੌਜੂਦਾ ਭਗਵੰਤ ਮਾਨ ਦੇ ਸਮੇਂ ਬਿਜਲੀ ਸਰਪਲਸ ਹੋਣਾ ਤਾਂ ਦੂਰ ਦੀ ਗੱਲ ਹੈ, ਸਗੋਂ ਸ਼ਾਮ ਨੂੰ ਕੰਮਾਂ ਕਾਜੋ ਤੋਂ ਵਾਪਸ ਪਰਤਦੇ ਲੋਕਾਂ ਨੂੰ ਜ਼ਰੂਰਤ ਅਨੁਸਾਰ ਬਿਜਲੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਿਜਲੀ ਸੰਕਟ ਵਿਚੋਂ ਬਾਹਰ ਕੱਢਣ ਲਈ ਭਗਵੰਤ ਮਾਨ ਸਰਕਾਰ ਗੰਭੀਰ ਨਹੀਂ ਹੈ ਕਿਉਂਕਿ ਜੇਕਰ ਸਰਕਾਰ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੁੰਦੀ ਤਾਂ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਰਾਹੀਂ ਕੇਂਦਰੀ ਪੂਲ ਤੋਂ ਬਿਜਲੀ ਪ੍ਰਾਪਤ ਕਰ ਸਕਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਿਰਫ ਇਕ ਹੀ ਏਜੰਡਾ ਹੈ ਕਿ ਰਾਜ ਦੀ ਜਨਤਾ ਨੂੰ ਕਿਸ ਪ੍ਰਕਾਰ ਲੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਅਤੇ ਇੱਥੋਂ ਤੱਕ ਕਿ ਪੰਜਾਬ ਦੀ ਅਮਨ ਸ਼ਾਂਤੀ ਤੱਕ ਭੰਗ ਹੋ ਚੁੱਕੀ ਹੈ ਅਤੇ ਪੰਜਾਬ ਦੀ ਜਨਤਾ ਇਸ ਸਰਕਾਰ ਤੋਂ ਨਿਜਾਤ ਪਾਉਣ ਲਈ ਪੱਬਾਂ ਭਾਰ ਹੈ ਅਤੇ ਇਸ ਸਰਕਾਰ ਤੋਂ ਨਿਜਾਤ ਪਾਉਣ ਲਈ ਕਾਹਲੀ ਹੈ। ਉਨ੍ਹਾਂ ਕਿਹਾ ਕਿ ਸਾਲ 2017 ਤੋਂ 2022 ਤੱਕ ਰਾਜ ਦੇ ਲੋਕਾਂ ਨੇ ਕਾਂਗਰਸ ਸਰਕਾਰ ਵੀ ਦੇਖੀ ਹੈ, ਜਿਸਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਸੀ, ਭਾਂਵੇ ਉਹ ਕਰਜ਼ਾ ਮਾਫ਼ੀ ਹੋਵੇ ਜਾਂ ਫਿਰ ਘਰ ਘਰ ਨੌਕਰੀ ਦੇਣ ਦਾ ਵਾਅਦਾ ਹੋਵੇ। ਉਨ੍ਹਾਂ ਸ਼ਿਅਦ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁਟ ਹੋ ਕੇ ਹੁਣ ਤੋਂ ਹੀ ਆਪਣੇ ਕੰਮ ’ਚ ਡੱਟ ਜਾਣ ਤਾਂ ਜੋ ਸਾਲ 2027 ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਪੰਜਾਬ ’ਚ ਬਣਾ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਈ ਜਾ ਸਕੇ। ਇਸ ਮੌਕੇ ਇੰਚਾਰਜ ਗੁਰਵਿੰਦਰ ਸਿੰਘ ਵਣਵਾਲਾ ਤੋਂ ਇਲਾਵਾ ਬੀਬੀ ਗੁਰਦਿਆਲ ਕੌਰ ਮਲੱਣ, ਐਡਵੋਕੇਟ ਗੁਰਮੀਤ ਸਿੰਘ ਮਾਨ, ਗੁਰਚਰਨ ਸਿੰਘ ਭਲਾਈਆਣਾ, ਚਰਨਜੀਤ ਸਿੰਘ ਭੂੰਦੜ, ਜੱਸਾ ਹੁਸਨਰ, ਗੁਰਲਾਲ ਸਿੰਘ ਸੁਖਨਾ, ਗੁਰਪਿੰਕਸ ਮਾਨ, ਬਲਵੰਤ ਸਿੰਘ ਗੁਰੂਸਰ, ਕਾਕਾ ਚਹਿਲ, ਸੁਖਜੀਤ ਸਿੰਘ ਸਰਪੰਚ, ਜਗਨੰਦਨ ਸਿੰਘ ਗਿੱਲ, ਬਲਵਿੰਦਰ ਸਿੰਘ ਐਮਡੀ ਦੋਦਾ, ਗੁਰਦੇਵ ਸਿੰਘ ਕਾਉਣੀ, ਭਗਵਾਨ ਸਿੰਘ ਸੂਰੇਵਾਲਾ, ਗੁਰਲਾਭ ਸਿੰਘ ਕੋਟਲੀ, ਹੈਪੀ ਗੁਰੂਸਰ, ਸਵਰਨ ਸਿੰਘ ਸੂਰੇਵਾਲਾ ਅਤੇ ਜਿੰਮੀ ਸੁਖਨਾ ਆਦਿ ਵੀ ਮੌਜੂਦ ਸਨ।