ਅੰਤਰਰਾਸ਼ਟਰੀ ਸ਼ੇਰ ਜੰਗ ਫਾਊਂਡੇਸ਼ਨ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਅੰਤਰਰਾਸ਼ਟਰੀ ਸ਼ੇਰ ਜੰਗ ਫਾਊਂਡੇਸ਼ਨ ਵੱਲੋਂ ਲੋੜਵੰਦ ਬੱਚਿਆਂ ਨੂੰ ਕਾਪੀਆਂ, ਵਰਦੀਆਂ ਅਤੇ ਸਕੂਲ ਡਾਇਰੀਆਂ ਵੰਡਣ ਲਈ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਐੱਸਡੀ ਸਕੂਲ ਮੋਗਾ ਵਿਖੇ ਕਰਵਾਇਆ ਗਿਆ। ਪੰਜਾਬੀ ਦੇ ਨਾਮਵਰ ਵਿਅੰਗਕਾਰ ਸ਼ੇਰ ਜੰਗ ਜਾਂਗਲੀ ਦੀ ਯਾਦ ਵਿਚ ਸਥਾਪਿਤ ਸ਼ੇਰ ਜੰਗ ਫਾਊਂਡੇਸ਼ਨ ਦੀ ਚੇਅਰਮੈਨ ਵਿਨੇ ਜੰਗ ਦੀ ਪ੍ਰੇਰਨਾ ਨਾਲ ਕਰਵਾਏ ਇਸ ਸਮਾਗਮ ਵਿਚ ਫਾਊਂਡੇਸ਼ਨ ਦੇ ਪ੍ਰਤੀਨਿਧ ਵਜੋਂ ਵਿਜੇ ਕੁਮਾਰ ਮਿੱਤਲ ਨੇ ਸ਼ਿਰਕਤ ਕੀਤੀ। ਕਹਾਣੀਕਾਰ ਗੁਰਮੀਤ ਕੜਿਆਲਵੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਐਡਵੋਕੇਟ ਰੁਪਿੰਦਰ ਕਾਂਸਲ, ਹਰੀਸ਼ ਸੂਦ, ਭਾਰਤ ਮਿੱਤਲ, ਸਕੂਲ ਪ੍ਰਿੰਸੀਪਲ ਨਵਕਿਰਨ ਗਿੱਲ ਤੇ ਵਾਈਸ ਪ੍ਰਿੰਸੀਪਲ ਤਰਸੇਮ ਅਰੋੜਾ ਪ੍ਰਧਾਨਗੀ ਮੰਡਲ ਵਿਚ ਬਿਰਾਜਮਾਨ ਹੋਏ। ਬੱਚਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹਾਣੀਕਾਰ ਅਤੇ ਸਮਾਜਿਕ ਨਿਆ ਤੇ ਅਧਿਕਾਰਤਾ ਅਫ਼ਸਰ ਫਰੀਦਕੋਟ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਵਿੱਦਿਆ ਇਕ ਅਜਿਹਾ ਚਿਰਾਗ ਹੈ ਜਿਸ ਰਾਹੀਂ ਅਸੀਂ ਆਪਣੀ ਜ਼ਿੰਦਗੀ ਦੇ ਹਨੇਰੇ ਪੱਖ ਨੂੰ ਰੌਸ਼ਨ ਬਣਾ ਸਕਦੇ ਹਾਂ। ਵਿਦਿਆ ਸਾਡੀ ਜਿੰਦਗੀ ਵਿਚ ਵੱਡੀਆਂ ਤਬਦੀਲੀਆਂ ਲਿਆ ਸਕਦੀ ਹੈ। ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਇਰਾਦਾ ਬੁਲੰਦ ਹੋਵੇ ਤਾਂ ਰਾਹਾਂ ਵਿਚ ਆਉਣ ਵਾਲੀਆਂ ਰੁਕਾਵਟਾਂ ਕਦੇ ਵੀ ਤੁਹਾਡਾ ਰਾਹ ਨਹੀਂ ਰੋਕ ਸਕਣਗੀਆਂ। ਪ੍ਰਿੰਸੀਪਲ ਨਵਕਿਰਨ ਗਿੱਲ ਨੇ ਬੱਚਿਆਂ ਨੂੰ ਮਹਾਨ ਦੇਸ ਭਗਤਾਂ, ਸਾਹਿਤਕਾਰਾਂ, ਖਿਡਾਰੀਆਂ ਤੇ ਸਮਾਜ ਸੇਵੀਆਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਲਈ ਕਿਹਾ। ਐਡਵੋਕੇਟ ਰੁਪਿੰਦਰ ਕਾਂਸਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਜੋਕੇ ਮੁਕਾਬਲੇ ਵਾਲੇ ਦੌਰ ਵਿਚ ਸਖ਼ਤ ਮਿਹਨਤ ਨਾਲ ਹੀ ਕੁਝ ਪ੍ਰਾਪਤੀ ਕੀਤੀ ਜਾ ਸਕਦੀ ਹੈ। ਹਰੀਸ਼ ਸੂਦ ਅਤੇ ਭਰਤ ਮਿੱਤਲ ਨੇ ਸ਼ੇਰ ਜੰਗ ਫਾਊਂਡੇਸ਼ਨ ਵੱਲੋਂ ਹਰ ਸਾਲ ਵਿਦਿਆਰਥੀਆਂ ਦੀ ਕੀਤੀ ਜਾਂਦੀ ਸਹਾਇਤਾ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਕਰਦਿਆਂ ਵਿਨੇ ਕੁਮਾਰ ਨੇ ਸਕੂਲ ਦੇ ਬੱਚਿਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਸਕੂਲ ਦੇ ਸਟਾਫ ਨੀਲਮ ਸਿੰਘ, ਸਤਪਾਲ ਸਿੰਘ, ਮਨੀ ਸਚਦੇਵਾ, ਨੇਹਾ ਠਾਕਰ, ਰਿੱਤੂ ਬਜਾਜ ਨੇ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਸ਼ੇਰ ਜੰਗ ਫਾਊਂਡੇਸ਼ਨ ਵੱਲੋਂ ਆਸਿਫ਼, ਸੋਨਾਲੀ (ਪੰਜਵੀਂ ਜਮਾਤ), ਅਦਿਤਿਆ, ਅਨੂੰ, ਮਨਕਿਤ (ਛੇਵੀਂ), ਪੁਸ਼ਪਾ, ਜੈਸਮਿਨ, ਆਫ਼ਰੀਨ (ਸੱਤਵੀਂ), ਮੁਸਕਾਨ, ਦੀਪਕ, ਸ਼ੁਭਮ (ਅੱਠਵੀਂ), ਖੁਸ਼ ਕਰਨ, ਸਨਪ੍ਰੀਤ ਸਿੰਘ, ਵਿਸ਼ੂ, ਹਰਲੀਨ ਕੌਰ (ਨੌਵੀਂ ਜਮਾਤ) ਅਤੇ ਸੂਰਜ, ਮੁਸਕਾਨ (ਦਸਵੀਂ ਜਮਾਤ) ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਫਾਊਂਡੇਸ਼ਨ ਵੱਲੋਂ ਤਿੰਨ ਸੌ ਸਕੂਲ ਡਾਇਰੀਆਂ ਅਤੇ 1200 ਕਾਪੀਆਂ ਬੱਚਿਆਂ ਨੂੰ ਵੰਡੀਆਂ ਗਈਆਂ।